ਸ਼ਹੀਦ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰ ਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਅੱਜ ਸ਼ਹੀਦ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰ ਅਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਅੱਜ
Publish Date: Mon, 31 Aug 2026 04:07 PM (IST)
Updated Date: Tue, 01 Sep 2026 04:01 AM (IST)
ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ਸਕੂਲ ਦੌਲਤਪੁਰ ਵਿਖੇ ਤਿਆਰੀਆਂ ਮੁਕੰਮਲ ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰੀ, ਸ਼ਹੀਦ ਬੱਬਰ ਉਦੈ ਸਿੰਘ ਰਾਮਗੜ ਝੁੰਗੀਆਂ, ਸ਼ਹੀਦ ਬੱਬਰ ਬਿਸ਼ਨ ਸਿੰਘ ਮਾਂਗਟ, ਸ਼ਹੀਦ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਸ਼ਹਾਦਤ ਅਤੇ 1923 ਦੇ ਬਬੇਲੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ 100ਵੇਂ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ/ਸਕੂਲ ਪਿੰਡ ਦੌਲਤਪੁਰ ਵੱਲੋਂ ਮੁਕੰਮਲ ਕਰ ਲਈਆਂ ਹਨ। ਇਸ ਸ਼ਹੀਦੀ ਸਮਾਗਮ ਵਿਚ ਰਾਗੀ/ਢਾਡੀ ਜਥਿਆਂ ਤੋਂ ਗੁਰ ਇਤਿਹਾਸ ਅਤੇ ਬੁਲਾਰਿਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਸਮਾਗਮ ਲਈ ਸਾਰਿਆਂ ਨੂੰ ਸੱਦਾ ਦਿੰਦਿਆਂ ਪ੍ਰਧਾਨ ਕੇਹਰ ਸਿੰਘ ਥਾਂਦੀ ਨੇ ਦੱਸਿਆ ਕਿ ਅਜ਼ਾਦੀ ਸੰਗਰਾਮ ਲਈ ਸ਼ਹੀਦ ਹੋਣ ਵਾਲਿਆਂ ਵਿਚ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਵਿਚੋਂ ਬੱਬਰ ਕਰਮ ਸਿੰਘ ਦੌਲਤਪੁਰੀ ਦਾ ਜਨਮ 20 ਮਾਰਚ 1880 ਨੂੰ ਦੁਆਬੇ ਦੇ ਪ੍ਰਸਿੱਧ ਪਿੰਡ ਦੌਲਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਿਤਾ ਸ. ਨੱਥਾ ਸਿੰਘ ਅਤੇ ਮਾਤਾ ਦੁੱਲੀ ਦੀ ਕੁੱਖੋਂ ਹੋਇਆ। 18 ਸਾਲ ਦੀ ਉਮਰ ਵਿਚ ਬੱਬਰ ਕਰਮ ਸਿੰਘ ਅੰਗਰੇਜ ਫੌਜ ਵਿਚ ਭਰਤੀ ਹੋ ਗਏ। ਪਰ 8 ਸਾਲ ਦੀ ਨੌਕਰੀ ਛੱਡ ਪਿੰਡ ਆ ਗਏ। ਜਿਥੋਂ ਉਨ੍ਹਾਂ ਸੰਤ ਕਰਮ ਸਿੰਘ ਹੋਤੀ ਮਰਦਾਨ ਦੇ ਸੰਪਰਕ ਵਿਚ ਆ ਗਏ, ਜਿਸ ਕਾਰਨ ਉਨ੍ਹਾਂ ਦੇ ਚਾਚਾ ਵਰਿਆਮ ਸਿੰਘ ਨੇ ਉਨ੍ਹਾਂ ਨੂੰ ਆਪਣੇ ਕੋਲ ਕੈਨੇਡਾ ਬੁਲਾ ਲਿਆ। ਭਾਰਤ ਵਿਚ ਗਦਰ ਲਹਿਰ ਦੇ ਉਭਾਰ ਕਾਰਨ ਉਹ ਕੈਨੇਡਾ ਛੱਡ ਦੇਸ ਅਜ਼ਾਦ ਕਰਾਉਣ ਲਈ ਵਾਪਸ ਆ ਗਏ। ਅਕਾਲੀ ਲਹਿਰ ਦੇ ਪ੍ਰਭਾਵ ਕਾਰਨ ਉਹ ਸ਼੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਅੰਮ੍ਰਿਤ ਛਕ ਕੇ ਨਰੈਣ ਸਿੰਘ ਤੋਂ ਕਰਮ ਸਿੰਘ ਬਣ ਗਏ ਅਤੇ ਬੱਬਰ ਅਕਾਲੀ ਲਹਿਰ ਦੇ ਬਾਨੀਆਂ ਵਿਚੋਂ ਬੱਬਰ ਕਿਸਨ ਸਿੰਘ ਗੜਗੱਜ ਹੋਰਨਾਂ ਨਾਲ ਮਿਲ ਕੇ ਬੱਬਰ ਅਕਾਲੀ ਲਹਿਰ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਏ। ਸਰਗਰਮੀਆਂ ਤੇਜ ਕਰਦਿਆਂ ਉਨ੍ਹਾਂ ਇਕ ਚੱਕਰਵਰਤੀ ਜਥਾ ਬਣਾ ਕੇ ਜਥੇਬੰਦੀ ਦੇ ਪ੍ਰਚਾਰ ਲਈ ਉਡਾਰੂ ਪ੍ਰੈੱਸ ਲਾ ਕੇ 2 ਅਗਸਤ 1922 ਤੋਂ ਆਪਣੇ ਪਿੰਡ ਦੌਲਤਪੁਰ ਤੋਂ ਆਪਣੀ ਸੰਪਾਦਨਾ ਹੇਠ ਬੱਬਰ ਅਕਾਲੀ ਦੁਆਬਾ ਨਾਮੀ ਅਖ਼ਬਾਰ ਦੀ ਪ੍ਰਕਾਸ਼ਨਾ ਆਰੰਭ ਕਰ ਦਿੱਤੀ। ਗੁਰਦਾਸਪੁਰ ਪਿੰਡ ਕੋਠੀਆਂ ਦੇ ਮਹੰਤਾਂ ਵਿਰੁੱਧ 1921 ਦਾ ਮੋਰਚਾ ਹੋਵੇ ਜਾਂ 22 ਅਪ੍ਰੈਲ 1922 ਨੂੰ ਬਲਾਚੌਰ ਤੋਂ ਹੁਸ਼ਿਆਰਪੁਰ ਤੱਕ ਸੜਕ ਦੇ ਨਾਲ-ਨਾਲ ਖੜੇ ਅੰਬਾਂ ਦੀ ਸਰਕਾਰੀ ਬੋਲੀ ਰੋਕਣ ਦੀ ਗੱਲ ਹੋਵੇ ਜਾਂ 23 ਜੁਲਾਈ 1923 ਨੂੰ ਲੰਬੜਦਾਰ ਤੋਂ ਸਰਕਾਰੀ ਮਾਮਲਾ ਲੁੱਟਣ ਜਾਂ ਅੰਗਰੇਜਾਂ ਦੇ ਝੋਲੀ ਚੁੱਕ ਕੌਲਗੜ੍ਹ (ਬਲਾਚੌਰ) ਦੇ ਰਲਾ ਅਤੇ ਦਿੱਤੂ ਨੂੰ ਸੋਧਣ ਦੀ ਕਾਰਵਾਈ ਹੋਵੇ, ਉਨ੍ਹਾਂ ਹਰ ਇਕ ਨੂੰ ਬੜੀ ਸ਼ਿਦੱਤ ਨਾਲ ਨੇਪਰੇ ਚਾੜ੍ਹਿਆ। ਇਕ ਤਰ੍ਹਾਂ ਨਾਲ ਅੰਗਰੇਜੀ ਸਰਕਾਰ ਦੇ ਮੁਕਾਬਲੇ ਮਤਵਾਜੀ ਸਰਕਾਰ ਚਲਾ ਕੇ ਅੰਗਰੇਜਾਂ ਨੂੰ ਸਿੱਧੇ ਤੌਰ ਤੇ ਲਲਕਾਰ ਦਿੱਤਾ, ਜਿਸ ਕਾਰਨ ਦਹਿਸ਼ਤਜਦਾ ਹੋਏ ਅੰਗਰੇਜ ਹਾਕਮਾਂ ਨੇ ਨਵੰਬਰ 1922 ਵਿਚ ਬੱਬਰਾਂ ਦੇ ਸਿਰਾਂ ਤੇ ਇਨਾਮ ਰੱਖ ਦਿੱਤੇ। ਬੱਬਰ ਕਰਮ ਸਿੰਘ ਦੇ ਸਿਰ ਦਾ 1000 ਰੁਪਏ ਰੱਖਿਆ ਇਨਾਮ ਵਧਾ ਕੇ 3000 ਰੁਪਏ ਕਰਨ ਕਰਕੇ ਉਹ ਰੂਪੋਸ਼ ਹੋ ਕੇ ਅਜ਼ਾਦੀ ਘੋਲ ਲਈ ਹੋਰ ਵੀ ਸਰਗਰਮ ਹੋ ਗਏ। ਇਨਾਮ ਦੇ ਲਾਲਚ ਵਿਚ ਪਿੰਡ ਮਾਣਕੋ (ਜਲੰਧਰ) ਦੇ ਉਨ੍ਹਾਂ ਦੇ ਹੀ ਇਕ ਸਾਥੀ ਅਨੂਪ ਸਿੰਘ ਅਤੇ ਉਸ ਦੇ ਚਾਚੇ ਬੋਘ ਸਿੰਘ ਨੇ ਗਦਾਰੀ ਕਰਕੇ ਬੱਬਰ ਕਰਮ ਸਿੰਘ ਅਤੇ ਉਨ੍ਹਾਂ ਸਾਥੀਆਂ ਨੂੰ ਪਿੰਡ ਬਬੇਲੀ (ਕਪੂਰਥਲਾ) ਬੁਲਾ ਕੇ ਉਨ੍ਹਾਂ ਦਾ ਅਸਲਾ ਲੁਕਾਉਣ ਤੋਂ ਬਾਅਦ ਪੁਲਿਸ ਨੂੰ ਮੁਖਬਰੀ ਕਰ ਦਿੱਤੀ। ਮੁਖਬਰੀ ਮਿਲਣ ਤੇ ਅੰਗਰੇਜ ਪੁਲਿਸ ਅਤੇ ਫੌਜ ਨੇ ਪਿੰਡ ਨੂੰ ਘੇਰਾ ਪਾ ਲਿਆ। ਜਿਸ ਤੇ ਬੱਬਰਾਂ ਨੇ ਪੁਲਿਸ ਦੇ ਹੱਥ ਆਉਣ ਦੀ ਥਾਂ ਲੜ ਮਰਨ ਨੂੰ ਤਰਜੀਹ ਦਿੰਦਿਆਂ ਹੱਥੋ-ਹੱਥੀ ਨਿਪਟਣ ਲਈ ਡਟਵਾਂ ਮੁਕਾਬਲਾ ਕਰਨਾ ਬਿਹਤਰ ਸਮਝਿਆ। ਇਸ ਮੁਕਾਬਲੇ ਵਿਚ ਬੱਬਰ ਕਰਮ ਸਿੰਘ, ਬੱਬਰ ਬਿਸ਼ਨ ਸਿੰਘ ਮਾਂਗਟ, ਬੱਬਰ ਉਦੈ ਸਿੰਘ ਰਾਮਗੜ ਝੁੰਗੀਆਂ ਅਤੇ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ 1 ਸਤੰਬਰ 1923 ਨੂੰ ਸ਼ਹੀਦੀ ਜਾਮ ਪੀ ਕੇ ਅਜ਼ਾਦੀ ਦੀ ਜੰਗ ਨੂੰ ਹੋਰ ਵੀ ਤਿੱਖਾ ਕਰ ਗਏ। ਸ਼ਹੀਦਾਂ ਦੀ ਯਾਦ ਨੂੰ ਕੌਮੀ ਹਿੱਤਾਂ ਲਈ ਸਾਂਭਣਾ ਜ਼ਰੂਰੀ : ਕਮਾਂਡਰ ਥਾਂਦੀ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਦੇ ਸੰਸਥਾਪਕ ਕਮਾਂਡਰ ਬਚਨ ਸਿੰਘ ਥਾਂਦੀ ਜਿਨ੍ਹਾਂ ਦਾ ਸੁਪਨਾ ਬੱਬਰ ਸ਼ਹੀਦਾਂ ਦੀ ਯਾਦ ਨੂੰ ਕੌਮੀ ਹਿੱਤਾਂ ਵਾਸਤੇ ਸਾਂਭਣਾ ਸੀ। ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਦਿਆਂ ਟਰੱਸਟ ਅਤੇ ਸਕੂਲ ਦੀ ਸਥਾਪਨਾ ਕੀਤੀ। ਹੁਣ ਇਸ ਕਾਰਜ ਨੂੰ ਅੱਗੇ ਤੋਰਦਿਆਂ ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ, ਐਮਡੀ ਜਸਪਾਲ ਸਿੰਘ ਜਾਡਲੀ, ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਜੋਗਾ ਸਿੰਘ ਥਾਂਦੀ, ਹਰਜਸਵਿੰਦਰ ਪਾਲ ਸਿੰਘ ਸੋਢੀ, ਸਕੱਤਰ ਰਾਜਿੰਦਰ ਸਿੰਘ ਪਾਵਨ, ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ, ਪ੍ਰਿੰਸੀਪਲ ਸੁਖਵੀਰ ਸਿੰਘ, ਵਾਇਸ ਪ੍ਰਿੰਸੀਪਲ ਜਸਕੀਰਤ ਕੌਰ ਰਾਹੀਂ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।