ਸ਼ੱਕੀ ਮਰੀਜ਼ਾਂ ਦੀ ਜਲਦ ਪਛਾਣ ਤੇ ਤੁਰੰਤ ਇਲਾਜ ਹੀ ਟੀਬੀ ਖ਼ਾਤਮੇ ਦੀ ਕੁੰਜੀ : ਸਿਵਲ ਸਰਜਨ ਸ਼ੱਕੀ ਮਰੀਜ਼ਾਂ ਦੀ ਜਲਦ ਪਛਾਣ ਤੇ ਤੁਰੰਤ ਇਲਾਜ ਹੀ ਟੀ.ਬੀ. ਖ਼ਾਤਮੇ ਦੀ ਕੁੰਜੀ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ
Publish Date: Thu, 12 Nov 2026 03:41 PM (IST)
Updated Date: Thu, 12 Nov 2026 03:42 PM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ• ਨਵਾਂਸ਼ਹਿਰ : ਸਿਹਤ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਟੀਬੀ ਮੁਕਤ ਭਾਰਤ ਅਭਿਆਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅੱਜ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਟੀਬੀ ਅਫ਼ਸਰ ਡਾ ਕਿਸ਼ਨ ਰਾਏ, ਸਮੂਹ ਬਲਾਕਾਂ ਦੇ ਟੀਬੀ ਨੋਡਲ ਮੈਡੀਕਲ ਅਫ਼ਸਰ ਸ਼ਾਮਲ ਹੋਏ। ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਟੀ.ਬੀ. ਲਾਇਲਾਜ ਨਹੀਂ ਹੈ। ਸਮੇਂ ਸਿਰ ਪਛਾਣ ਅਤੇ ਦਵਾਈਆਂ ਦਾ ਪੂਰਾ ਕੋਰਸ ਕਰਨ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਹਤ ਵਿਭਾਗ ਦੇ ਹਰ ਅਧਿਕਾਰੀ ਤੇ ਕਰਮਚਾਰੀ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਸ਼ੱਕੀ ਮਰੀਜ਼ ਜਾਂਚ ਅਤੇ ਇਲਾਜ ਤੋਂ ਵਾਂਝਾ ਨਾ ਰਹੇ। ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਟੀ.ਬੀ. ਦੇ ਲੱਛਣਾਂ ਵਾਲੇ ਵਿਅਕਤੀਆਂ ਦੀ ਤੁਰੰਤ ਜਾਂਚ ਕਰਵਾਈ ਜਾਵੇ। ਲੋੜ ਅਨੁਸਾਰ ਬਲਗਮ ਦੀ ਜਾਂਚ, ਮੌਲੀਕਿਊਲਰ ਟੈਸਟ ਅਤੇ ਛਾਤੀ ਦੇ ਐਕਸ-ਰੇ ਰਾਹੀਂ ਬਿਮਾਰੀ ਦੀ ਪੁਸ਼ਟੀ ਯਕੀਨੀ ਬਣਾਈ ਜਾਵੇ। ਮਰੀਜ਼ ਦੇ ਸੰਪਰਕ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਵਿਅਕਤੀਆਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇ। ਇਹ ਸਾਰੀਆਂ ਜਾਂਚਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਹਨ। ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਪੁਸ਼ਟੀ ਹੁੰਦੇ ਹੀ ਮਰੀਜ਼ ਦਾ ਇਲਾਜ ਤੁਰੰਤ ਸ਼ੁਰੂ ਕਰਵਾਇਆ ਜਾਵੇ। ਸਾਰੇ ਸਿਹਤ ਕੇਂਦਰਾਂ ਵਿੱਚ ਦਵਾਈਆਂ ਦੀ ਨਿਰੰਤਰ ਉਪਲਬਧਤਾ ਰੱਖੀ ਜਾਵੇ। ਮਰੀਜ਼ਾਂ ਨੂੰ ਬਿਨਾਂ ਰੁਕਾਵਟ ਪੂਰਾ ਕੋਰਸ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਇਲਾਜ ਪੂਰਾ ਹੋਣ ਤੱਕ ਨਿਯਮਤ ਫਾਲੋਅੱਪ ਕੀਤਾ ਜਾਵੇ, ਕਿਉਂਕਿ ਅਧੂਰਾ ਇਲਾਜ ਬਿਮਾਰੀ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਨਿਕਸ਼ੇ ਪੋਸ਼ਣ ਯੋਜਨਾ ਤਹਿਤ ਯੋਗ ਮਰੀਜ਼ਾਂ ਨੂੰ ਇਲਾਜ ਦੌਰਾਨ ਪੋਸ਼ਣ ਲਈ ਪ੍ਰਤੀ ਮਹੀਨਾ 1000 ਰੁਪਏ ਦੀ ਆਰਥਿਕ ਸਹਾਇਤਾ ਸਿੱਧੇ ਬੈਂਕ ਖਾਤੇ ਵਿੱਚ ਦਿੱਤੀ ਜਾਂਦੀ ਹੈ। ਸਾਰੇ ਮਰੀਜ਼ਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਬੈਂਕ ਖਾਤੇ ਸਮੇਂ ਸਿਰ ਜੁੜਵਾਏ ਜਾਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਵੀ ਨਿਕਸ਼ੇ ਮਿੱਤਰ ਬਣ ਕੇ ਮਰੀਜ਼ਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਬਲਾਕ ਨੋਡਲ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਦੀ ਪਛਾਣ, ਰਜਿਸਟ੍ਰੇਸ਼ਨ, ਜਾਂਚ, ਇਲਾਜ ਅਤੇ ਫਾਲੋਅੱਪ ਦਾ ਰਿਕਾਰਡ ਨਿਕਸ਼ੇ ਪੋਰਟਲ ਤੇ ਅਪਡੇਟ ਰੱਖਿਆ ਜਾਵੇ ਅਤੇ ਪ੍ਰਗਤੀ ਦੀ ਨਿਯਮਤ ਸਮੀਖਿਆ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕਰਨਾ ਵੀ ਬੇਹੱਦ ਜ਼ਰੂਰੀ ਹੈ। ਲੱਛਣਾਂ ਵਿੱਚ ਦੋ ਹਫ਼ਤਿਆਂ ਤੋਂ ਵੱਧ ਖੰਘ, ਬੁਖ਼ਾਰ, ਰਾਤ ਨੂੰ ਪਸੀਨਾ ਆਉਣਾ, ਭਾਰ ਜਾਂ ਭੁੱਖ ਘਟਣਾ ਸ਼ਾਮਲ ਹਨ। ਇਹ ਲੱਛਣ ਸਾਹਮਣੇ ਆਉਣ ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਓ।