ਨਿਰਮਲ ਸਾਗਰ ਸਕੂਲ ਵਿਖੇ ਦਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਿਰਮਲ ਸਾਗਰ ਸਕੂਲ ਵਿਖੇ ਦਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Mon, 19 Oct 2026 05:51 PM (IST)
Updated Date: Mon, 19 Oct 2026 05:54 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਿਰਮਲ ਸਾਗਰ ਪਬਲਿਕ ਸਕੂਲ ਵਿਖੇ ਦਸਹਿਰੇ ਦਾ ਪਵਿੱਤਰ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਇਸ ਦੀ ਅਗਵਾਈ ਵਾਈਸ ਪ੍ਰਿੰ. ਪ੍ਰੇਮਜੀਤ ਕੌਰ ਨੇ ਕੀਤੀ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ ਜੀਵਨ, ਉੱਚੇ ਨੈਤਿਕ ਕਦਰਾਂ-ਕੀਮਤਾਂ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਸੰਦੇਸ਼ ਤੋਂ ਜਾਣੂ ਕਰਵਾਉਣਾ ਸੀ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਦੁਸ਼ਹਿਰੇ ਦੀ ਮਹੱਤਤਾ ਨੂੰ ਦਰਸ਼ਾਉਂਦੀ ਸਪੀਚ ਦਿੱਤੀ ਗਈ। ਉਪਰੰਤ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਰਾਮਾਇਣ ਦੀਆਂ ਪ੍ਰਮੁੱਖ ਘਟਨਾਵਾਂ ਤੇ ਆਧਾਰਿਤ ਲਘੂ ਨਾਟਕ ਪੇਸ਼ ਕੀਤਾ।।ਵਿਦਿਆਰਥੀਆਂ ਨੇ ਮਨਮੋਹਕ ਡਾਂਸ ਰਾਹੀਂ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਨੰਨ੍ਹੇ-ਮੁੰਨੇ ਬੱਚੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਛਮਣ, ਹਨੂਮਾਨ ਅਤੇ ਰਾਵਣ ਦੇ ਰੂਪ ਵਿਚ ਸਜੇ ਹੋਏ ਬਹੁਤ ਹੀ ਆਕਰਸ਼ਕ ਲੱਗ ਰਹੇ ਸਨ। ਪ੍ਰੋਗਰਾਮ ਦੇ ਅੰਤ ਵਿਚ ਰਾਵਣ ਦੇ ਪੁਤਲੇ ਦਾ ਦਹਨ ਕੀਤਾ ਗਿਆ, ਜੋ ਬੁਰਾਈ, ਹੰਕਾਰ ਅਤੇ ਅਨਿਆਂ ਦੇ ਅੰਤ ਦਾ ਪ੍ਰਤੀਕ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸੱਚਾਈ, ਇਮਾਨਦਾਰੀ, ਮਰਿਆਦਾ ਅਤੇ ਨੇਕੀ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਜੇ ਪਾਸੀ, ਪ੍ਰਿੰ. ਮੀਨਾਕਸ਼ੀ ਚੱਡਾ, ਵਾਈਸ ਪ੍ਰਿੰ. ਓਂਕਾਰ ਸਿੰਘ, ਵਾਈਸ ਪ੍ਰਿੰ. ਗੁਰਪ੍ਰੀਤ ਸਿੰਘ, ਮੈਨੇਜਰ ਗੁਰਵਿੰਦਰ ਸਿੰਘ, ਸੰਦੀਪ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।