‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਐੱਸਪੀ ਡੀ ਨੇ ਕੀਤੀ ਮੀਟਿੰਗ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡੀਐੱਸਪੀ ਡੀ ਨੇ ਕਾਠਗੜ੍ਹ ਵਿਚ ਕੀਤੀ ਅਹਿਮ ਮੀਟਿੰਗ
Publish Date: Sat, 10 Oct 2026 05:17 PM (IST)
Updated Date: Sat, 10 Oct 2026 05:20 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਐੱਸਪੀ (ਡੀ) ਜਤਿੰਦਰ ਸਿੰਘ ਚੌਹਾਨ ਨੇ ਕਾਠਗੜ੍ਹ ਵਿਚ ਲੋਕਾਂ ਨਾਲ ਅਹਿਮ ਮੀਟਿੰਗ ਕੀਤੀ। ਜਿਸ ਵਿਚ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪਿੰਡ ਵਾਸੀਆਂ ਤੋਂ ਸੁਝਾਅ ਲਏ ਗਏ ਅਤੇ ਪੁਲਿਸ ਦੁਆਰਾ ਕੀਤੀ ਜਾ ਰਹੀ ਨਸ਼ਿਆਂ ਵਿਰੁੱਧ ਕਾਰਵਾਈ ਤੇ ਪਿੰਡ ਵਾਸੀਆਂ ਦੀ ਰਾਏ ਵੀ ਲਈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਜੋ ਵੀ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਲਈ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਿਅਕਤੀਆਂ ਦਾ ਇਲਾਜ ਵੀ ਸਰਕਾਰ ਵੱਲੋਂ ਫਰੀ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ। ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਅਸੀਂ ਉਸ ਵਿਅਕਤੀ ਦਾ ਇਲਾਜ ਕਰਾਉਣ ਵਿਚ ਵੀ ਪੂਰਨ ਤੌਰ ਤੇ ਮਦਦ ਕਰਾਂਗੇ। ਜੇਕਰ ਕੋਈ ਵਿਅਕਤੀ ਨਸ਼ੇ ਦੀ ਸਮਗਲਿੰਗ ਕਰਦਾ ਹੈ ਜਾਂ ਵੇਚਦਾ ਹੈ। ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਵੱਲੋਂ ਜਿੱਥੇ ਨਸ਼ੇ ਨੂੰ ਖਤਮ ਕਰਨ ਲਈ ਆਪਣੇ ਸੁਝਾਅ ਦਿੱਤੇ ਗਏ। ਲੋਕਾਂ ਨੇ ਦੱਸਿਆ ਕਿ ਹਸਪਤਾਲ ਵਿਚ ਮਿਲਣ ਵਾਲੀਆਂ ਗੋਲੀਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਨਸ਼ੇ ਦੇ ਆਦਿ ਵਿਅਕਤੀਆਂ ਨੂੰ ਪੂਰਾ ਇੱਕ ਪੱਤਾ ਦਿੱਤਾ ਜਾਂਦਾ ਹੈ। ਜੋ ਕਿ ਕਈ ਵਾਰ ਉਹ ਇਸ ਦਾ ਜਿਆਦਾ ਡੋਜ ਲੈ ਲੈਂਦੇ ਹਨ ਅਤੇ ਕਈ ਵਾਰ ਇੱਕ ਦੋ ਵਿਅਕਤੀ ਰਲ ਕੇ ਖਾ ਲੈਂਦੇ ਹਨ। ਇਸ ਲਈ ਇਸ ਤੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪਿੰਡ ਵਾਸੀਆਂ ਵੱਲੋਂ ਡੀਐੱਸਪੀ (ਡੀ) ਜਤਿੰਦਰ ਸਿੰਘ ਚੌਹਾਨ ਨੂੰ ਫਿਰ ਤੋਂ ਪਿੰਡ ਵਿਚ ਇੱਕ ਵੱਡੇ ਪੱਧਰ ਤੇ ਇਕੱਠ ਕਰਨ ਲਈ ਬੇਨਤੀ ਕੀਤੀ। ਤਾਂ ਜੋ ਗ੍ਰਾਮ ਪੰਚਾਇਤ ਵੱਲੋਂ ਕੀਤੀ ਕਾਰਵਾਈ ਅਤੇ ਪਿੰਡ ਵਾਸੀਆਂ ਦੀ ਵੀ ਰਾਏ ਲਈ ਜਾਵੇ।।ਇਸ ਮੌਕੇ ਐੱਸਐੱਚਓ ਕਾਠਗੜ੍ਹ ਕਮਲ ਤਨੇਜਾ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਠਗੜ੍ਹ ਪੁਲਿਸ ਨੂੰ ਕਈ ਨਸ਼ਾ ਸਮਗਲਰਾਂ ਨੂੰ ਫੜਨ ਵਿਚ ਕਾਮਯਾਬੀ ਵੀ ਮਿਲੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦੀ ਸਮਗਲਿੰਗ ਜਾ ਖਰੀਦ ਵੇਚ ਕਰਦਾ ਹੈ। ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਤਾਂ ਜੋ ਇਲਾਕੇ ਵਿੱਚੋਂ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਕੀਤਾ ਜਾ ਸਕੇ। ਇਸ ਮੌਕੇ ਸਾਈਂ ਕਾਲੇ ਸ਼ਾਹ, ਸੁਭਾਸ਼ ਆਨੰਦ, ਰਾਜ ਕੁਮਾਰ ਆਨੰਦ, ਪ੍ਰਧਾਨ ਧਰਮ ਚੰਦ, ਅਸ਼ੋਕ ਕੁਮਾਰ ਭੂੰਬਲਾ, ਜਸਵੀਰ ਸਿੰਘ ਆੜਤੀ, ਅਸ਼ੋਕ ਭੂੰਬਲਾ ਆੜਤੀ, ਸੁਖਵਿੰਦਰ ਸਿੰਘ ਨੰਬਰਦਾਰ ਅਤੇ ਸਮੂਹ ਨਗਰ ਵਾਸੀ ਹਾਜ਼ਰ ਸਨ।