ਜ਼ਿਲ੍ਹਾ ਚੋਣ ਅਫਸਰ ਵੱਲੋਂ ਐੱਸਆਈਆਰ-2026 ਤਹਿਤ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਜ਼ਿਲ੍ਹਾ ਚੋਣ ਅਫਸਰ ਵੱਲੋਂ ਐੱਸਆਈਆਰ 2026 ਤਹਿਤ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ
Publish Date: Fri, 14 Aug 2026 04:33 PM (IST)
Updated Date: Fri, 14 Aug 2026 04:35 PM (IST)
- ਬੀਐੱਲਓਜ਼ ਵੱਲੋਂ 16 ਅਗਸਤ ਨੂੰ ਵਿਸ਼ੇਸ਼ ਕੈਪਾਂ ਦੌਰਾਨ ਪ੍ਰਾਪਤ ਕੀਤੇ ਜਾਣਗੇ ਦਾਅਵੇ/ਇਤਰਾਜ ਬਲਿਹਾਰ ਸਿੰਘ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ 13 ਅਗਸਤ 2026 ਨੂੰ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਨੁਮਾਇੰਦਿਆਂ ਨਾਲ ਡਰਾਫਟ ਵੋਟਰ ਸੂਚੀ ਦਾ ਡਾਟਾ ਸਾਂਝਾ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 4,46,702 ਵੋਟਰ ਹਨ, ਜਿਨ੍ਹਾ ਵਿੱਚੋਂ 2,33,224 ਮਰਦ, 2,13,464 ਇਸਤਰੀਆਂ ਅਤੇ 14 ਤੀਸਰਾ ਲਿੰਗ ਹਨ। 18-19 ਸਾਲ ਦੇ ਵੋਟਰ ਦੀ ਕੁੱਲ ਗਿਣਤੀ 2901 ਅਤੇ 11923 ਵੋਟਰ 80 ਹਨ, ਸਰਵਿਸ ਵੋਟਰ ਦੀ ਗਿਣਤੀ 1110 ਹੈ, ਸਰਰਿਕ ਤੌਰ ਤੇ ਅਪੰਗ ਵੋਟਰਾਂ ਦੀ ਗਿਣਤੀ 4513 ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਤੋਂ ਪ੍ਰਾਪਤ ਆਦੇਸ਼ ਅਨੁਸਾਰ 16 ਅਗਸਤ 2026 ਨੂੰ ਸਵੇਰੇ 10 ਵਜੇ ਤੋਂ ਬਾਅਦ ਦਪਹਿਰ 1 ਵਜੇ ਤੱਕ ਇਕ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਬੀਐੱਲਓਜ਼ ਆਪਣੇ ਸਬੰਧਿਤ ਪੋਲਿੰਗ ਬੂਥ ਤੇ ਬੈਠਣਗੇ ਅਤੇ ਵੋਟਰਾਂ ਨੂੰ ਡਰਾਫਟ ਵੋਟਰ ਸੂਚੀ ਵਿਚ ਨਾਮ ਚੈੱਕ ਕਰਨ ਵਿਚ ਸਹਾਇਤਾ ਕਰਨਗੇ, ਮੁੱਢਲੀ ਪ੍ਰਕਾਸ਼ਨਾ ਉਪਰੰਤ ਕੋਈ ਵੀ ਯੋਗ ਵਿਅਕਤੀ ਜਿਹੜਾ 01.10.2026 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਉਹ ਫਾਰਮ ਨੰਬਰ 6 ਭਰਕੇ ਆਪਣੇ ਸਬੰਧਿਤ ਬੀਐੱਲਓਜ਼ ਨੂੰ ਦੇ ਸਕਦਾ ਹੈ, ਮੋਜੂਦਾ ਵੋਟਰ ਕਿਸੇ ਕਾਰਨ ਤੋਂ ਆਪਣੀ ਵੋਟ ਕੱਟਵਾਉਣੀ, ਤਾਂ ਉਹ ਫਾਰਮ ਨੰ. 7 ਭਰਕੇ ਵੋਟ ਕਟਵਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵੋਟਰ ਦੇ ਨਾਮ ਵਿਚ ਸੋਧ ਕਰਵਾਉਣੀ ਚਾਹੁੰਦਾ ਹੈ ਜਾਂ ਟਰਾਂਸਫਰ ਕਰਵਾਉਣੀ ਚਾਹੁੰਦਾ ਹੈ, ਤਾਂ ਉਹ ਫਾਰਮ ਨੰਬਰ 8 ਭਰਕੇ ਆਪਣੇ ਵੇਰਵਿਆਂ ਵਿਚ ਦਰੁਸਤੀ ਜਾ ਵੋਟ ਟਰਾਂਸਫਰ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਐੱਸਆਈਆਰ ਦੌਰਾਨ ਜਿਨ੍ਹਾਂ ਵੋਟਰਾ ਵੱਲੋਂ ਆਪਣੀ ਵੋਟ ਦੀ ਮੈਪਿੰਗ ਵੋਟਰ ਸੂਚੀ ਸਾਲ 2003 ਨਾਲ ਨਹੀ ਕਰਵਾਈ ਗਈ ਨੂੰ ਮਿਤੀ 13.08.2026 ਤੋਂ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾ ਵੱਲੋਂ ਨੋਟਿਸ ਜਾਰੀ ਕੀਤੇ ਜਾਣੇ ਹਨ। ਨੋਟਿਸ ਜਨਰੇਟ ਕਰਨ ਤੋਂ ਲੈ ਕੇ ਪ੍ਰਿਟਿੰਗ ਅਤੇ ਬੀਐੱਲਓਜ਼ ਵੱਲੋਂ ਨੋਟਿਸ ਵੋਟਰ ਤੱਕ ਵੰਡਣ, ਇਸ ਉਪਰੰਤ ਵੋਟਰ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ 12 ਡਾਕੂਮੈਂਟ ਦੀ ਲਿਸਟ ਵਿੱਚੋਂ ਕੋਈ ਇੱਕ ਡਾਕੂਮੈਂਟ ਪੇਸ਼ ਕਰਨ, ਉਸ ਦੀ ਸਬੰਧਿਤ ਵਿਭਾਗ ਤੋਂ ਵੈਰੀਵਿਕੇਸ਼ਨ ਕਰਨ ਉਪਰੰਤ ਹੀ ਉਸ ਦੀ ਸਬੰਧਿਤ ਈਆਰਓਜ਼ ਵੱਲੋਂ ਅਪਰੂਵ ਕੀਤੀ ਜਾਣੀ ਹੈ। ਪ੍ਰਾਪਤ ਦਾਅਵੇ ਇਤਰਾਜ਼ਾਂ ਦਾ ਨਿਪਟਾਰਾ ਮਿਤੀ 12.09.2026 ਤੱਕ ਕੀਤਾ ਜਾਣਾ ਹੈ ਅਤੇ ਜਾਰੀ ਕੀਤੇ ਗਏ ਨੋਟਿਸ ਪੜਾਅ ਦਾ ਨਿਪਟਾਰਾ 08 ਅਕਤੂਬਰ, 2026 ਤੱਕ ਕੀਤਾ ਜਾਣਾ ਹੈ। ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਵੋਟਰ ਸੂਚੀ ਦੇ ਚੋਣ ਹਲਕਾ ਵਾਈਜ਼ ਇੱਕ-ਇੱਕ ਵੋਟਰ ਸੂਚੀ ਦਾ ਸੈੱਟ ਵੀ ਮੁਹਾਇਆ ਕਰਵਾਇਆ ਗਿਆ। ਮੀਟਿੰਗ ਵਿਚ ਰਾਜਨੀਤਕ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਗਗਨ ਅਗਨੀਹੋਤਰੀ ਅਤੇ ਕੁਲਜਿੰਦਰ ਸਿੰਘ, ਕਾਂਗਰਸ ਪਾਰਟੀ ਤੋਂ ਅਜੈ ਮੰਗੂਪੁਰ, ਸੁਭਾਸ਼ ਚੰਦਰ ਅਤੇ ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਦਿਨੇਸ਼ ਕੁਮਾਰ, ਜ਼ੋਰਵਾਰ ਸਿੰਘ ਅਤੇ ਗੁਰਦੀਪ ਸਿੰਘ, ਬੀਜੇਪੀ ਤੋਂ ਮਨੀਸ਼ ਅਗਨੀਹੋਤਰੀ, ਸੀਪੀਆਈ (ਐੱਮ) ਤੋਂ ਚਰਨਜੀਤ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੰਜੀਵ ਸ਼ਰਮਾ, ਸਹਾਇਕ ਕਮਿਸ਼ਨਰ (ਜ) ਰਮਨਜੀਤ ਅਤੇ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਆਦਿ ਹਾਜ਼ਰ ਸਨ।