ਅੰਤਰਰਾਸ਼ਟਰੀ ਪੱਧਰ ਦੀ ਵਿਗਿਆਨਕ ਖੋਜ ਲਈ ਪ੍ਰੇਰਿਤ ਕਰਨ ਪਹੁੰਚੇ ਡਾ. ਸੁਖਦੀਪ ਸਿੰਘ ਅੰਤਰਰਾਸ਼ਟਰੀ ਪੱਧਰ ਦੀ ਵਿਗਿਆਨਕ ਖੋਜ ਲਈ ਪ੍ਰੇਰਿਤ ਕਰਨ ਪਹੁੰਚੇ ਡਾ. ਸੁਖਦੀਪ ਸਿੰਘ
Publish Date: Fri, 09 Oct 2026 04:37 PM (IST)
Updated Date: Fri, 09 Oct 2026 04:41 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਰਸਾਇਣ ਵਿਗਿਆਨ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਇੰਦੂ ਰੱਤੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਵਿਗਿਆਨਕ ਖੋਜ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਅਕਾਦਮਿਕ ਵਿਚਾਰ-ਚਰਚਾ ਕਰਵਾਈ ਗਈ। ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਜਰਮਨੀ ਦੀ ਤਕਨੀਕੀ ਯੂਨੀਵਰਸਿਟੀ ਇਲਮੇਨਾਉ ਵਿਖੇ ਰਿਸਰਚ ਗਰੁੱਪ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਸੁਖਦੀਪ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੇ ਖੋਜ-ਅਨੁਭਵ ਸਾਂਝੇ ਕੀਤੇ। ਇਸ ਮੌਕੇ ਪ੍ਰਿੰ. ਡਾ. ਇੰਦੂ ਰੱਤੀ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਆਪਣੇ ਹੀ ਕਾਲਜ ਦੇ ਵਿਦਿਆਰਥੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਿਗਿਆਨਕ ਖੇਤਰ ਵਿਚ ਉੱਚ ਮੁਕਾਮ ਹਾਸਲ ਕਰਦੇ ਦੇਖਣਾ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੁਪਨਾ ਦੇਖੋ, ਖੋਜ ਕਰੋ ਅਤੇ ਉੱਤਮਤਾ ਹਾਸਿਲ ਕਰੋ ਦੀ ਭਾਵਨਾ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨ। ਡਾ. ਸੁਖਦੀਪ ਸਿੰਘ ਨੇ ਬਾਇਓ ਆਰਗੈਨਿਕ ਕਮਿਸਟਰੀ, ਬਾਇਓ ਐਕਟਿਵ ਸਰਫੇਸ, ਪੌਲੀਮਰ ਬਾਇਓ ਕੌਨਜੂਕੇਟਸ ਅਤੇ ਸਮਾਰਟ ਬਾਇਓ ਮਟੀਰੀਅਲਸ ਵਰਗੇ ਵਿਗਿਆਨਕ ਖੋਜ ਖੇਤਰਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਵਿਕਸਿਤ ਕਰਨ, ਖੋਜ ਪ੍ਰਤੀ ਰੁਚੀ ਪੈਦਾ ਕਰਨ ਅਤੇ ਉੱਚ ਸਿੱਖਿਆ ਦੇ ਵਿਸ਼ਵ ਪੱਧਰੀ ਮੌਕਿਆਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਸਫ਼ਲਤਾ ਲਈ ਸੁਪਨਾ ਦੇਖਣ ਦੇ ਨਾਲ-ਨਾਲ ਉਸ ਨੂੰ ਹਾਸਲ ਕਰਨ ਲਈ ਨਿਰੰਤਰ ਮਿਹਨਤ, ਸਿੱਖਣ ਦੀ ਲਗਨ ਅਤੇ ਖੋਜੀ ਸੋਚ ਜ਼ਰੂਰੀ ਹੈ। ਉਨ੍ਹਾਂ ਆਪਣੇ ਨਿੱਜੀ ਅਕਾਦਮਿਕ ਸਫ਼ਰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਵਿਗਿਆਨਕ ਖੋਜ, ਉੱਚ ਸਿੱਖਿਆ, ਵਿਦੇਸ਼ਾਂ ਵਿੱਚ ਖੋਜ ਦੇ ਮੌਕਿਆਂ ਅਤੇ ਵੱਖ-ਵੱਖ ਵਿਗਿਆਨਕ ਖੇਤਰਾਂ ਨਾਲ ਸਬੰਧਤ ਕਈ ਸਵਾਲ ਪੁੱਛੇ। ਡਾ. ਸੁਖਦੀਪ ਸਿੰਘ ਨੇ ਵਿਦਿਆਰਥੀਆਂ ਦੇ ਸਾਰੇ ਸਵਾਲਾਂ ਦੇ ਵਿਸਥਾਰਪੂਰਵਕ ਅਤੇ ਸੰਤੁਸ਼ਟੀਜਨਕ ਜਵਾਬ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਅਕਾਦਮਿਕ ਤੇ ਖੋਜੀ ਸਫ਼ਰ ਲਈ ਕੀਮਤੀ ਸੁਝਾਅ ਦਿੱਤੇ। ਇਹ ਇੰਟਰਐਕਟਿਵ ਵਿਚਾਰ-ਚਰਚਾ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ਤੇ ਗਿਆਨ ਵਰਧਕ ਅਤੇ ਪ੍ਰੇਰਣਾਦਾਇਕ ਰਹੀ। ਇਸ ਮੌਕੇ ਵਿਭਾਗ ਮੁਖੀ ਡਾ. ਅੰਮਿਤ ਕੌਰ ਨੇ ਡਾ. ਸੁਖਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਨੈਸ਼ਨਲ ਕਾਲਜ ਬੰਗਾ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੋਜ, ਨਵੀਨਤਾ ਅਤੇ ਵਿਸ਼ਵ ਪੱਧਰੀ ਮੌਕਿਆਂ ਨਾਲ ਜੋੜਨ ਲਈ ਨਿਰੰਤਰ ਯਤਨਸ਼ੀਲ ਰਹੇਗਾ। ਇਸ ਮੌਕੇ ਡਾ. ਜਯੋਤੀ ਪ੍ਰਕਾਸ਼ ਅਤੇ ਸਮੂਹ ਵਿਭਾਗੀ ਅਮਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।