5 ਨਾਮਵਰ ਸਖ਼ਸ਼ੀਅਤਾਂ ਨੂੰ ਮਿਲਣਗੇ ‘ਨਵਜੋਤ ਪੁਰਸਕਾਰ’ ਡਾ. ਰਣਜੀਤ ਸਿੰਘ, ਅਜਮੇਰ ਸਿੱਧੂ, ਡਾ. ਰਮਨਦੀਪ ਕੌਰ, ਰਜਨੀ ਸ਼ਰਮਾ ਤੇ ਸੁਰਜੀਤ ਮਜਾਰੀ ਨੂੰ ਮਿਲਣਗੇ 'ਨਵਜੋਤ ਪੁਰਸਕਾਰ'
Publish Date: Fri, 27 Nov 2026 04:36 PM (IST)
Updated Date: Fri, 27 Nov 2026 04:37 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਨਵਜੋਤ ਸਾਹਿਤ ਸੰਸਥਾ ਔਡ਼ ਵੱਲੋਂ ਅੱਜ ਇਸ ਵਾਰ ਦੇ ਨਵਜੋਤ ਪੁਰਸਕਾਰ ਪ੍ਰਦਾਨ ਕਰਨ ਲਈ ਪੰਜ ਨਾਮਵਰ ਸ਼ਖ਼ਸੀਅਤਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਹਨਾਂ ਸ਼ਖ਼ਸੀਅਤਾਂ ਵਿੱਚ ਸੰਗੀਤ ਖੋਜ ਦੀਆਂ ਲਿਖਤਾਂ ਦੇ ਲੇਖਕ ਡਾ. ਰਣਜੀਤ ਸਿੰਘ, ਉੱਘੇ ਕਹਾਣੀਕਾਰ ਅਜਮੇਰ ਸਿੱਧੂ, ਨਾਮਵਰ ਗ਼ਜ਼ਲਗੋ ਰਜਨੀ ਸ਼ਰਮਾ, ਵਿੱਦਿਅਕ, ਸਾਹਿਤਕ ਤੇ ਸਮਾਜਿਕ ਸੇਵਾਵਾਂ ਦੇ ਸੁਮੇਲ ਡਾ. ਰਮਨਦੀਪ ਕੌਰ ਅਤੇ ਲੇਖਕ ਪੱਤਰਕਾਰ ਸੁਰਜੀਤ ਮਜਾਰੀ ਸ਼ਾਮਲ ਹਨ। ਸਨਮਾਨ ਪ੍ਰਦਾਨ ਕਰਨ ਸਮੇਂ ਇਹਨਾਂ ਸ਼ਖ਼ਸੀਅਤਾਂ ਸਬੰਧੀ ਸੰਸਥਾ ਦੇ ਨੁਮਾਇੰਦੇ ਕ੍ਰਮਵਾਰ ਨੀਰੂ ਜੱਸਲ, ਅਮਰ ਜਿੰਦ, ਹਰਬੰਸ ਕੌਰ, ਸ਼ੈਲੀ ਜੈਰਥ ਅਤੇ ਮਨਪ੍ਰੀਤ ਕੌਰ ਸੋਢੀਆਂ ਮੰਚ ਤੋਂ ਜਾਣਕਾਰੀ ਸਾਂਝੀ ਕਰਨਗੇ। ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ, ਸਕੱਤਰ ਡਾ. ਕੇਵਲ ਰਾਮ, ਖਜ਼ਾਨਚੀ ਰਾਜਵਿੰਦਰ ਕੌਰ ਨਾਗਰਾ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਹ ਪੁਰਸਕਾਰ ਸੰਸਥਾ ਦੇ 45 ਵੇਂ ਸਥਾਪਨਾ ਦਿਵਸ ਮੌਕੇ ਔਡ਼ ਵਿਖੇ 5 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਹੋ ਰਹੇ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ। ਇਹਨਾਂ ਪੁਰਸਕਾਰਾਂ ਵਿਚ ਯਾਦਗਾਰੀ ਚਿੰਨ੍ਹ ਅਤੇ ਨਗਦੀ ਵੀ ਸ਼ਾਮਲ ਹੋਵੇਗੀ। ਦੱਸਣਯੋਗ ਹੈ ਕਿ ਉਕਤ ਸੰਸਥਾ ਬੀਤੇ ਚਾਰ ਦਹਾਕਿਆਂ ਤੋਂ ਸਾਹਿਤਕ ਕਾਰਜਾਂ ਲਈ ਵਿਲੱਖਣਤਾ ਸੇਵਾਵਾਂ ਨਿਭਾਉਂਦਿਆਂ ਸੂਬਾਈ ਪਛਾਣ ਬਣਾ ਚੁੱਕੀ ਹੈ ਅਤੇ ਇਸ ਸੰਸਥਾ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੰਜ ਨਵਜੋਤ ਪੁਰਸਕਾਰਾਂ ਲਈ ਸਾਹਿਤ ਨਾਲ ਜੁਡ਼ੀਆਂ ਕਰਮਯੋਗੀ ਸ਼ਖ਼ਸੀਅਤਾਂ ਦੀ ਚੋਣ ਕੀਤੀ ਜਾਂਦੀ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਇਹ ਵੀ ਦੱਸਿਆ ਕਿ ਇਹ ਸਨਮਾਨ ਰਸਮ ਸਮਾਗਮ ਦੇ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਨਵਜੋਤ ਸਾਹਿਤ ਸੰਸਥਾ ਔਡ਼ ਦੇ ਸੰਸਥਾਪਕ ਗੁਰਦਿਆਲ ਰੌਸ਼ਨ ਸਾਂਝੇ ਰੂਪ ਵਿੱਚ ਨਿਭਾਉਣਗੇ। ਪ੍ਰਧਾਨਗੀ ਮੰਡਲ ਵਿਚ ਕੇਂਦਰੀ ਲਿਖਾਰੀ ਸਭਾ ਦੇ ਮੀਤ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ, ਸੰਸਥਾ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ ਅਤੇ ਅਦਬੀ ਮਹਿਕ ਦੇ ਸੰਪਾਦਕ ਸਤਪਾਲ ਸਾਹਲੋਂ ਸ਼ਾਮਲ ਹੋਣਗੇ। ਸਮਾਗਮ ਦੌਰਾਨ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੇ ਜੀਵਨ ਵੇਰਵਿਆਂ ਵਾਲਾ ਸੋਵੀਨਾਰ ਨਵਜੋਤ ਵੀ ਰਿਲੀਜ਼ ਕੀਤਾ ਜਾਵੇਗਾ।