- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ ਦੇ ਐੱਸਐਮਓ ਦੀ ਬਦਲੀ ਰੱਦ ਕਰਵਾਉਣ ਲਈ ਡਾਕਟਰਾਂ ਤੇ ਮੁਲਾਜ਼ਮਾਂ ਨੇ ਦਿੱਤਾ ਰੋਸ ਧਰਨਾ

- ਵਿਧਾਨ ਸਭਾ ’ਚ ਪੁੱਜਾ ਐੱਸਐੱਮਓ ਦੀ ਬਦਲੀ ਦਾ ਮੁੱਦਾ
- ਨਵਾਂਸ਼ਹਿਰ ’ਚ ਕੱਲ ਦੋ ਘੰਟੇ ਅਤੇ ਅੱਜ ਸਾਰਾ ਦਿਨ ਬੰਦ ਰਹੀ ਓਪੀਡੀ, ਐਮਰਜੈਂਸੀ ਸੇਵਾਵਾਂ ਬਹਾਲ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐਮਓ ਡਾ. ਸਤਵਿੰਦਰਪਾਲ ਸਿੰਘ ਦੀ ਬਦਲੀ ਰੋਕਣ ਨੂੰ ਸਾਰੇ ਡਾਕਟਰਾਂ, ਪੈਰਾਮੈਡੀਕਲ ਸਟਾਫ ਅਤੇ ਸਿਹਤ ਮੁਲਾਜ਼ਮਾਂ ਵੱਲੋਂ ਬੀਤੇ ਦਿਨ 12.30 ਵਜੇ ਤੋਂ ਲੈ ਕੇ 2 ਵਜੇ ਤੱਕ ਕੰਮਕਾਰ ਠੱਪ ਕਰਨ ਤੋਂ ਬਾਅਦ ਲਗਾਤਾਰ ਦੂਜੇ ਦਿਨ ਸਵੇਰੇ 8 ਵਜੇ ਤੋਂ 2 ਵਜੇ ਤੱਕ ਸਾਰੇ ਕੰਮਕਾਰ ਠੱਪ ਕਰ ਕੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ। ਇਸ ਮੌਕੇ ਸਾਰੇ ਡਾਕਟਰਾਂ ਅਤੇ ਸਟਾਫ਼ ਦਾ ਇਹੇ ਕਹਿਣਾ ਸੀ ਕਿ ਐੱਸਐਮਓ ਡਾ. ਸਤਵਿੰਦਰ ਪਾਲ ਸਿੰਘ ਨੂੰ ਮੁੜ ਨਵਾਂਸ਼ਹਿਰ ਵਿਖੇ ਨਿਯੁਕਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਡਾ. ਸਤਵਿੰਦਰ ਪਾਲ ਸਿੰਘ ਦੇ ਤਥਾਕਥਿਤ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਆਪਣੀ ਅਪ੍ਰੋਚ ਕਰ ਕੇ ਡਾ. ਸਤਵਿੰਦਰ ਪਾਲ ਸਿੰਘ ਦੀ ਬਦਲੀ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਬਦਲੀ ਕਰਵਾ ਦਿੱਤੀ ਗਈ ਸੀ। ਜਦਕਿ ਉਨ੍ਹਾਂ ਦੀ ਥਾਂ ਨਵਾਂਸ਼ਹਿਰ ਦੇ ਐੱਸਐੱਮਓ ਦੀ ਪੋਸਟ ਤੇ ਡਾ. ਅਜੈ ਬਸਰਾ ਨੂੰ ਨਿਯੁਕਤ ਕੀਤਾ ਜਾਣਾ ਸੀ। ਬੀਤੇ ਦਿਨ ਬਾਅਦ ਦੁਪਹਿਰ ਇਸ ਗੱਲ ਦਾ ਪਤਾ ਚਲਦਿਆਂ ਸਾਰੇ ਡਾਕਟਰਾਂ ਅਤੇ ਸਟਾਫ਼ ਵੱਲੋਂ ਇਸ ਨੂੰ ਲੈ ਕੇ ਰੋਸ ਜਤਾਉਂਦਿਆਂ 12.30 ਵਜੇ ਤੋਂ 2 ਵਜੇ ਤੱਕ ਸਾਰੀ ਓਪੀਡੀ ਅਤੇ ਹੋਰ ਕੰਮਕਾਰ ਠੱਪ ਕਰ ਦਿੱਤੇ ਸੀ। ਪਰ ਅੱਜ ਦੂਜੇ ਦਿਨ ਦੁਬਾਰਾ ਇਸ ਰੋਸ ਧਰਨੇ ਨੰ ਅੱਗ ਵਧਾਉਂਦੇ ਹੋਏ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਸਮੂਹ ਡਾਕਟਰਾਂ, ਫਾਰਮਾਸਿਸਟਾਂ, ਸਟਾਫ ਨਰਸਾਂ, ਪੈਰਾਮੈਡੀਕਲ ਸਟਾਫ ਅਤੇ ਸਿਹਤ ਮੁਲਾਜ਼ਮਾਂ ਵੱਲੋਂ ਇਸ ਰੋਸ ਧਰਨੇ ਕਾਰਨ ਸਾਰਾ ਦਿਨ ਕੰਮਕਾਜ ਠੱਪ ਰੱਖਿਆ ਗਿਆ।
ਇਸ ਰੋਸ ਧਰਨੇ ਵਿਚ ਪੀਸੀਐੱਮਐੱਸ ਦੇ ਪ੍ਰਧਾਨ ਡਾ. ਅਮਿਤ ਕੁਮਾਰ, ਡਾ. ਗੁਰਦੀਪ ਸਿੰਘ, ਡਾ. ਵਿਸਵਦੀਪ, ਡਾ. ਜਤਿੰਦਰ ਸਿੰਘ, ਡਾ. ਮਨਦੀਪ ਵਿਰਦੀ ਸਮੇਤ ਮਨਦੀਪ ਕੌਰ ਕਮਲਦੀਪ ਸਿੰਘ, ਮਨਿੰਦਰ, ਅਮਨਦੀਪ, ਚੀਫ ਫਾਰਮਾਸਿਸਟ ਪਰਮਵੀਰ ਪ੍ਰਿੰਸ ਸਮੇਤ ਸਮੂਹ ਸਟਾਫ਼ ਨੇ ਸ਼ਿਕਰਤ ਕਰਦਿਆਂ ਇਸ ਮਾਮਲੇ ਵਿਚ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਐੱਸਐੱਮਓ ਡਾ. ਸਤਵਿੰਦਰ ਪਾਲ ਸਿੰਘ ਵੱਲੋਂ ਸਿਵਲ ਹਸਪਤਾਲ ਨਵਾਂਸ਼ਹਿਰ ਦਾ ਕਾਇਆਕਲਪ ਕਰਨ ਵਿਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਐੱਸਐੱਮਓ ਡਾ. ਸਤਵਿੰਦਰ ਪਾਲ ਸਿੰਘ ਨੇ ਅਹੁਦਾ ਸੰਭਾਲਿਆ ਸੀ, ਉਦੋਂ ਸਿਵਲ ਹਸਪਤਾਲ ਨਵਾਂਸ਼ਹਿਰ ਘਾਟੇ ਵਿਚ ਚੱਲ ਰਿਹਾ ਸੀ। ਜਦਕਿ ਇੱਥੋਂ ਡਾਕਟਰਾਂ ਅਤੇ ਸਟਾਫ ਨਰਸਾਂ ਸਮੇਤ ਹੋਰਨਾਂ ਸੰਸਾਧਨਾਂ ਦੀ ਘਾਟ ਕਾਰਨ ਸਟਾਫ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਐੱਸਐੱਮਓ ਨੇ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਸਿਵਲ ਹਸਪਤਾਲ ਨੂੰ ਮੁਨਾਫੇ ਵਿਚ ਲਿਆਂਦਾ ਹੈ। ਇੱਥੇ ਡਾਕਟਰਾਂ ਦੀ ਘਾਟ, ਸਟਾਫ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ ਨਾਲ ਸੁਰੱਖਿਆ ਅਤੇ ਹੋਰਨਾਂ ਪ੍ਰਬੰਧਾਂ ਨੂੰ ਸਮੇਂ-ਸਮੇਂ ਸਿਰ ਅਪਡੇਟ ਕਰਵਾਇਆ ਹੈ। ਜਦਕਿ ਬਿਨਾਂ ਕਿਸੇ ਕਾਰਨ ਦੇ ਉਨ੍ਹਾਂ ਦੀ ਬਤੌਰ ਐੱਸਐੱਮਓ ਗੜ੍ਹਸ਼ੰਕਰ ਤਬਾਦਲਾ ਕੀਤਾ ਜਾ ਰਿਹਾ ਸੀ। ਜਿਸ ਕਾਰਨ ਸਾਰੇ ਮੁਲਾਜ਼ਮਾਂ ਨੇ ਇਤਰਾਜ ਜਤਾਉਂਦਿਆਂ ਇਸ ਬਦਲੀ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ।
- ਐੱਸਐੱਮਓ ਨਵਾਂਸ਼ਹਿਰ ਦੀ ਬਦਲੀ ਰੋਕਣ ਲਈ ਵਿਧਾਇਕ ਨੇ ਵਿਧਾਨ ਸਭਾ ’ਚ ਚੁੱਕਿਆ ਮਾਮਲਾ
ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐੱਮਓ ਡਾ. ਸਤਵਿੰਦਰਪਾਲ ਸਿੰਘ ਦੀ ਬਦਲੀ ਰੋਕਣ ਲਈ ਸਮੂਹ ਡਾਕਟਰਾਂ, ਸਟਾਫ ਨਰਸਾਂ, ਸਿਹਤ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ ਪਤਾ ਚੱਲਣ ਤੇ ਵਿਧਾਨ ਸਭਾ ਸੈਸ਼ਨ ਵਿਚ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਨੇ ਇਸ ਬਦਲੀ ਨੂੰ ਰੋਕਣ ਦਾ ਮੁੱਦਾ ਚੁਕਦਿਆਂ ਕਿਹਾ ਕਿ ਡਾ. ਸਤਵਿੰਦਰ ਪਾਲ ਸਿੰਘ ਨੇ ਆਪਣੀਆਂ ਸੇਵਾਵਾਂ ਦੌਰਾਨ ਲੋਕਾਂ ਦਾ ਭਰੋਸਾ ਜਿੱਤਿਆ ਅਤੇ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੇ ਕੰਮ ਕਰਨ ਦੇ ਢੰਗ ਅਤੇ ਲੋਕਾਂ ਪ੍ਰਤੀ ਸਮਰਪਣ ਨੂੰ ਦੇਖਦਿਆਂ ਨਵਾਂਸ਼ਹਿਰ ਦੇ ਵਸਨੀਕ ਉਨ੍ਹਾਂ ਨੂੰ ਮੁੜ ਆਪਣੇ ਸਰਕਾਰੀ ਹਸਪਤਾਲ ਵਿੱਚ ਦੇਖਣਾ ਚਾਹੁੰਦੇ ਹਨ। ਜਿਸ ਕਾਰਨ ਇਸ ਬਦਲੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਦੋਂ ‘ਆਪ’ ਸਰਕਾਰ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਟੇਕ ਅੱਪ ਕੀਤਾ, ਉਦੋਂ ਸਿਵਲ ਹਸਪਤਾਲ ਨਵਾਂਸ਼ਹਿਰ 84 ਲੱਖ ਦੇ ਘਾਟੇ ਵਿਚ ਚੱਲ ਰਿਹਾ ਸੀ, ਸਰਕਾਰ ਨੇ ਐੱਸਐੱਮਓ ਡਾ. ਸਤਵਿੰਦਰਪਾਲ ਸਿੰਘ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਨਿਯੁਕਤ ਕੀਤਾ ਤਾਂ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਨਾਲ ਇਹ ਹਸਪਤਾਲ ਲੋਕਾਂ ਨੂੰ ਸੇਵਾ ਦੇਣ ਦੇ ਨਾਲ-ਨਾਲ 4 ਕਰੋੜ ਦੇ ਮੁਨਾਫੇ ਵਿਚ ਪਹੁੰਚਾਇਆ। ਇੱਹੇ ਨਹੀਂ ਇਥੇ ਦੀ ਓਪੀਡੀ 800 ਤੋਂ ਵਧਾ ਕੇ 1600 ਕਰਵਾਉਣ 'ਚ ਉਪਰਾਲੇ ਕੀਤੇ ਹਨ। ਉਨ੍ਹਾਂ ਦੀ ਚੰਗੀ ਕਾਰਗੁਜਾਰੀ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਐੱਸਐੱਮਓ ਡਾ. ਸਤਵਿੰਦਰ ਪਾਲ ਸਿੰਘ ਨੂੰ ਸਟੇਟ ਐਵਾਰਡ ਨਾਲ ਨਵਾਜਿਆ ਵੀ ਗਿਆ ਹੈ ਪਰ ਹਸਪਤਾਲ, ਡਾਕਟਰਾਂ, ਸਟਾਫ ਅਤੇ ਲੋਕਾਂ ਦਾ ਭਲਾ ਚਾਹੁੰਣ ਵਾਲੇ ਨੂੰ ਬਿਨਾਂ ਕਾਰਨ ਦੱਸੇ ਤਬਾਦਲਾ ਕਰਨਾ ਜਾਇਜ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਐੱਸਐੱਮਓ ਡਾ. ਸਤਵਿੰਦਰ ਪਾਲ ਸਿੰਘ ਦੀ ਬਦਲੀ ਨੂੰ ਪਹਿਲ ਦੇ ਆਧਾਰ ਦੇ ਰੱਦ ਕੀਤਾ ਜਾਵੇ।
- ਐੱਸਐੱਮਓ ਨਵਾਂਸ਼ਹਿਰ ਦੀ ਬਦਲੀ ’ਤੇ ਲਾਈ ਰੋਕ : ਡਾ. ਬਲਵੀਰ ਸਿੰਘ ਸਿਹਤ ਮੰਤਰੀ
ਉਧਰ ਵਿਧਾਨ ਸ਼ਭਾ ਸੈਸਨ ਵਿਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਦੀ ਮੰਗ ਨੂੰ ਵਾਜਬ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਚੰਗੀ ਕਾਰਗੁਜ਼ਾਰੀ ਕਾਰਨ ਐੱਸਐੱਮਓ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਬਦਲੀ ਉਨ੍ਹਾਂ ਵੱਲੋਂ ਨਹੀਂ ਕੀਤੀ ਗਈ, ਇਸ ਦਾ ਪਤਾ ਉਨ੍ਹਾਂ ਨੂੰ ਬੀਤੀ ਸ਼ਾਮ ਹੀ ਪਤਾ ਲੱਗਿਆ ਹੈ। ਕਈ ਵਾਰੀ ਸਰਕਾਰ ਵੱਲੋਂ ਇਹ ਬਦਲੀ ਹੋਰਨਾਂ ਮੰਤਰੀਆਂ ਦੇ ਦਬਾਅ ਹੇਠ ਆ ਕੇ ਕਰ ਦਿੱਤੀਆਂ ਜਾਂਦੀਆਂ ਹਨ। ਪਰ ਹੁਣ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਉਹ ਇਸ ਬਦਲੀ ਤੇ ਰੋਕ ਲਗਾਉਣਗੇ, ਅਤੇ ਲੋਕਾਂ ਦੀ ਮੰਗ ਅਨੁਸਾਰ ਡਾ. ਸਤਵਿੰਦਰ ਪਾਲ ਸਿੰਘ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਬਤੌਰ ਐੱਸਐੱਮਓ ਬਹਾਲ ਕਰਵਾਉਣਗੇ।
- ਐੱਸਐੱਮਓ ਡਾ. ਸਤਵਿੰਦਰਪਾਲ ਸਿੰਘ ਨੇ ਕੀਤਾ ਡਾਕਟਰਾਂ ਤੇ ਸਟਾਫ਼ ਦਾ ਧੰਨਵਾਦ
ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐੱਮਓ ਡਾ. ਸਤਵਿੰਦਰਪਾਲ ਸਿੰਘ ਦੇ ਹੱਕ ਵਿਚ ਸੰਘਰਸ਼ ਕਰ ਰਹੇ ਡਾਕਟਰਾਂ, ਪੈਰਾਮੈਡੀਕਲ ਸਟਾਫ ਅਤੇ ਸਿਹਤ ਮੁਲਾਜ਼ਮਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਨਛੱਤਰ ਪਾਲ ਵੱਲੋਂ ਉਨ੍ਹਾਂ ਦੇ ਹੱਕ ਵਿਚ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਦਾ ਚੁੱਕਣ ਤੇ ਵੀ ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਪਾਰਦਰਸ਼ਿਤਾ ਨਾਲ ਕਰਦਿਆਂ ਅੱਗੇ ਵੀ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ। ਉਨ੍ਹਾਂ ਇਸ ਸੰਘਰਸ਼ ਵਿਚ ਸਾਥ ਦੇਣ ਵਾਲੇ ਲੋਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।