ਦੀਵਾਲੀ ਦੀਵਿਆਂ ਦਾ ਤਿਉਹਾਰ ਤੇ ਦੀਵਾ ਗਿਆਨ ਦਾ ਹੈ ਪ੍ਰਤੀਕ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਤੇ ਦੀਵਾ ਗਿਆਨ ਦਾ ਹੈ ਪ੍ਰਤੀਕ
Publish Date: Fri, 06 Nov 2026 05:04 PM (IST)
Updated Date: Fri, 06 Nov 2026 05:05 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਮਨੁੱਖ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਆਪਣੇ ਹੱਥੀਂ ਪਲੀਤ ਕੀਤੇ ਜਾ ਰਹੇ ਵਾਤਾਵਰਨ ਪ੍ਰਤੀ ਲੰਘੇ ਸਮੇਂ ਵਿਚ ਕੁਦਰਤ ਨੇ ਸਾਨੂੰ ਭਿਆਨਕ ਮਹਾਂਮਾਰੀ ਲਿਆ ਕੇ ਸਾਰਾ ਜਨਜੀਵਨ ਠੱਪ ਕਰਕੇ ਮਨੁੱਖ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਜਿÀੁਂ-ਜਿਉਂ ਅਸੀਂ ਇਸ ਮਹਾਂਮਾਰੀ ਦੇ ਪ੍ਰਕੋਪ ਚੋਂ ਬਾਹਰ ਆਉਣ ਲੱਗੇ ਹਾਂ ਉਵੇਂ ਹੀ ਅਸੀਂ ਮੁੜ ਸਭ ਕੁਝ ਭੁੱਲਦੇ ਜਾ ਰਹੇ ਹਾਂ ਅਤੇ ਸਾਫ਼-ਸੁਥਰੇ ਵਾਤਾਵਰਨ ਨੂੰ ਮੁੜ ਕਿਸੇ ਨਾ ਕਿਸੇ ਤਰੀਕੇ ਖਰਾਬ ਕਰਨ ਵਿਚ ਜੁਟ ਗਏ ਹਾਂ। ਸਾਡੀਆ ਰੁੱਤਾਂ ਅਤੇ ਸਾਡੇ ਤਿਉਹਾਰ ਭਾਵੇਂ ਸਾਨੂੰ ਸਾਦਗੀ ਨਾਲ ਜਿੰਦਗੀ ਬਤੀਤ ਕਰਨ ਦਾ ਸੁਨੇਹਾ ਦਿੰਦੇ ਹਨ। ਮਗਰ ਅਸੀਂ ਖੁਦ ਹੀ ਆਪਣੇ ਪੈਰੀਂ ਕੁਹਾੜਾ ਮਾਰਨ ਲੱਗੇ ਹੋਏ ਹਾਂ। ਦੀਵਾਲੀ ਵੀ ਸਾਨੂੰ ਸਾਦਗੀ ਨਾਲ ਮਨਾਉਣੀ ਚਾਹੀਦੀ ਹੈ। ਇਸ ਸੰਬੰਧੀ ਪੱਤਰਕਾਰ ਵੱਲੋਂ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਨਾਲ ਕੀਤੀ ਗੱਲਬਾਤ ਦੇ ਅੰਸ਼ : ਦੀਵਾਲੀ ਸਮੇਂ ਵੱਧ ਰਿਹੈ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਸੰਦੀਪ ਹਨੀ ਟੌਸਾਂ ਇੰਚਾਰਜ ਸ੍ਰੋਮਣੀ ਅਕਾਲੀ ਦਲ ਬਲਾਚੌਰ ਵੱਲੋਂ ਦੀਵਾਲੀ, ਵਿਸ਼ਵਕਰਮਾ ਦਿਵਸ ਅਤੇ ਛਿੰਝ ਮੇਲਾ ਬਾਬਾ ਬਲਰਾਜ ਜੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੰਦੇ ਹੋਏ ਆਖਿਆ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਸਮੂਹ ਨਾਲ ਜੁੜੇ ਭਾਰਤ ਦੇਸ਼ ਵਿਚ ਅਨੇਕਾਂ ਹੀ ਤਿਉਹਾਰ ਹਨ, ਇਹ ਤਿਉਹਾਰ ਜਿੱਥੇ ਰੁੱਤਾਂ ਨਾਲ ਜੁੜੇ ਹਨ, ਉਸ ਦੇ ਨਾਲ ਧਾਰਮਿਕ ਆਸਥਾਵਾਂ ਨਾਲ ਵੀ ਜੁੜੇ ਹੋਏ ਹਨ। ਦੀਵਾਲੀ ਜਿਹੜਾ ਕਿ ਸਮੁੱਚੇ ਭਾਰਤ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਪੰਜਾਬ ਵਿਚ ਇਸ ਤਿਉਹਾਰ ਦੀ ਖਾਸ ਅਹਿਮਿਅਤ ਹੈ। ਅਮੀਰ-ਗਰੀਬ ਹਰ ਵਰਗ ਦੇ ਦਿਲ ਅੰਦਰ ਇਸ ਤਿਉਹਾਰ ਨੂੰ ਵੱਧ ਮਾਣਨ ਦੀ ਲਾਲਸਾ ਹੁੰਦੀ ਹੈ। ਅੰਮ੍ਰਿਤਸਰ ਦੀ ਦੀਵਾਲੀ ਵੇਖਣਯੋਗ ਹੁੰਦੀ ਹੈ ਜਿੱਥੇ ਕਿ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਹਨ। ਸ਼ਹਿਰ ਅੰਦਰ ਬਹੁਤ ਹੀ ਸੁੰਦਰ ਤਰੀਕੇ ਨਾਲ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬਾਜੀ ਮਨਮੋਹਕ ਹੁੰਦੀ ਹੈ। ਸਾਡੀਆਂ ਲੋਕ ਗਾਥਾਵਾਂ ਵਿਚ ਵੀ ਜਿਕਰ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ । ਅਜੋਕੇ ਸਮੇਂ ਅੰਦਰ ਹਵਾ ਪਾਣੀ ਵਿਚ ਇੰਨਾ ਪ੍ਰਦੂਸ਼ਣ ਵੱਧ ਗਿਆ ਹੈ ਜਿਹੜਾ ਧਰਤੀ ਉੱਪਰ ਰਹਿ ਰਹੀ ਮਨੁੱਖਤਾ ਲਈ ਹੀ ਨਹੀਂ ਬਲਕਿ ਹਰ ਜੀਵ ਜੰਤੂ ਲਈ ਖਤਰਨਾਕ ਸਟੇਜ ਤੇ ਪਹੁੰਚ ਚੁੱਕਾ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਨੂੰ ਦੀਵਾਲੀ ਪ੍ਰਦੂਸ਼ਣ ਮੁਕਤ ਮਨਾਉਣੀ ਚਾਹੀਦੀ ਹੈ। ਸਵੱਛ ਵਾਤਾਵਰਨ ਬਣਾਉਣ ਲਈ ਕਰੋ ਉਪਰਾਲੇ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਰ ਨੇ ਕਿਹਾ ਕਿ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਪਵਨ ਗੁਰੂ ਪਾਣੀ ਪਿਤਾ ਅਤੇ ਬਲਿਹਾਰੀ ਕੁਦਰਤ ਵੱਸਿਆ ਵਰਗੇ ਪਵਿੱਤਰ ਸ਼ਬਦਾਂ ਰਾਹੀਂ ਕੁਦਰਤੀ ਸਰੋਤਾਂ ਨਾਲ ਖਿਲਵਾੜ ਕਰਨ ਤੋਂ ਮਨੁੱਖ ਨੂੰ ਵਰਜਿਤ ਕੀਤਾ। ਮਗਰ ਅਸੀਂ ਇਨ੍ਹਾਂ ਸੰਦੇਸ਼ਾਂ ਨੂੰ ਭੁੱਲ ਕੇ ਹਵਾਂ ਪਾਣੀ ਦੂਸ਼ਿਤ ਕਰ ਰਹੇ ਹਾਂ ਅਤੇ ਜਿਸ ਨਾਲ ਅਸੀਂ ਖੁਦ ਹੀ ਕਈ ਕਿਸਮ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਹ ਸਭ ਕੁਝ ਸੋਚਣ ਸਮਝਣ ਦੀ ਲੋੜ ਹੈ। ਲੰਬੇ ਸਮੇਂ ਦੌਰਾਨ ਮਹਾਂਮਾਰੀ ਕਾਰਨ ਲੱਗੇ ਲਾਕ ਡਾਊਨ ਉਪਰੰਤ ਕੁਦਰਤ ਨੇ ਸਾਨੂੰ ਸਾਰਿਆਂ ਨੂੰ ਇਹ ਪੈਗਾਮ ਦਿੱਤਾ ਕਿ ਕੁਦਰਤੀ ਵਾਤਾਵਰਨ ਨੂੰ ਗੰਧਲਾ ਨਾ ਕਰੀਏ, ਵਾਤਾਵਰਨ ਨੂੰ ਹੋਰ ਪਲੀਤ ਹੋਣ ਤੋਂ ਬਚਾਉਣ ਦਾ ਹੰਭਲਾ ਮਾਰੀਏ। ਇਸ ਲਈ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਕਿਉਂਕਿ ਆਤਿਸ਼ਬਾਜੀ ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ਵਿਚ ਹੀ ਵਾਧਾ ਨਹੀਂ ਕਰਦੀ ਸਗੋਂ ਕਈ ਰੁੱਖਾਂ ਦਾ ਵੀ ਇਸ ਨੂੰ ਬਣਾਉਣ ਵਿਚ ਕਤਲੇਆਮ ਹੁੰਦਾ ਹੈ। ਸਾਨੂੰ ਪ੍ਰਦੂਸ਼ਣ ਫੈਲਾਉਣ ਵਿਚ ਭਾਗੀਦਾਰ ਨਹੀ ਹੋਣਾ ਚਾਹੀਦਾ ਸਗੋਂ ਇਸ ਨੂੰ ਕੰਟਰੋਲ ਕਰਨ ਵਿਚ ਆਪਣੀ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ। ਸਾਡੇ ਗੁਰੂ ਸਹਿਬਾਨਾਂ ਨੇ ਵੀ ਸਾਨੂੰ ਹਵਾ, ਪਾਣੀ ਅਤੇ ਮਿੱਟੀ ਦੀ ਕਦਰ ਕਰਨਾ ਹੀ ਸਿਖਾਇਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਦੀਵਾਲੀ ਯੋਗ ਥਾਵਾਂ ’ਤੇ ਪੌਦੇ ਲਗਾ ਕੇ ਮਨਾਈਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਆਖਿਆ ਕਿ ਅਸੀਂ ਪਟਾਕੇ ਆਤਿਸ਼ਬਾਜੀ ਚਲਾ ਕੇ ਜਿੱਥੇ ਆਪਣੇ ਪੈਸਿਆਂ ਦਾ ਭਾਰੀ ਨੁਕਸਾਨ ਕਰਦੇ ਹਾਂ ਉਸ ਦੇ ਨਾਲ-ਨਾਲ ਕਈ ਛੋਟੇ-ਵੱਡੇ ਹਾਦਸਿਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਾਂ। ਲੋੜ ਹੈ ਅੱਜ ਦੇ ਸਮੇਂ ਵਿਚ ਇਨ੍ਹਾਂ ਤਿਉਹਾਰਾਂ ਨੂੰ ਨਿਵੇਕਲੇ ਤਰੀਕੇ ਨਾਲ ਰਲ-ਮਿਲ ਮਨਾਉਣ ਦੀ। ਦੀਵਾਲੀ ਵਾਲੇ ਦਿਨ ਅਸੀਂ ਮਹਿੰਗੇ ਸਸਤੇ ਪਟਾਕੇ ਚਲਾਉਣ ਦੀ ਬਜਾਏ ਪਰਿਵਾਰਾਂ ਸਮੇਤ ਸਾਨੂੰ ਆਪਣੇ ਘਰਾਂ ਦੇ ਇਰਧ-ਗਿਰਦ ਅਤੇ ਹੋਰ ਯੋਗ ਥਾਵਾਂ ਉਪਰ ਫਲਦਾਰ, ਫੁੱਲਦਾਰ ਬੂਟੇ ਲਗਾ ਕੇ ਦੀਵਾਲੀ ਨੂੰ ਚੰਗੇ ਤਰੀਕੇ ਨਾਲ ਮਨਾ ਸਕਦੇ ਹਾਂ ਜੋ ਕਿ ਸਮੇਂ ਦੀ ਵੀ ਲੋੜ ਹੈ। ਪੌਦੇ ਲਗਾਉਣ ਉਪਰੰਤ ਅਸੀਂ ਇਸ ਗੱਲ ਨੂੰ ਵੀ ਯਕੀਨੀ ਬਣਾਈਏ ਕਿ ਸਾਰਾ ਸਾਲ ਇਨ੍ਹਾਂ ਲਗਾਏ ਹੋਏ ਪੌਦਿਆ ਦੀ ਦੇਖ-ਭਾਲ ਕਰਨੀ ਹੈ। ਅਜਿਹਾ ਕਰਕੇ ਅਸੀਂ ਸ਼ੁੱਧ ਵਾਤਾਵਰਨ ਬਣਾਉਣ ਵਿਚ ਆਪਣਾ-ਆਪਣਾ ਯੋਗਦਾਨ ਪਾ ਕੇ ਅਸੀਂ ਕੁਦਰਤੀ ਬਨਸਪਤੀ ਨੂੰ ਬਚਾਉਣ ਵਿਚ ਆਪਣੀ ਭਾਗੀਦਾਰੀ ਪਾ ਸਕਦੇ ਹਾਂ। ਜੇਕਰ ਅਸੀਂ ਹੁਣ ਵੀ ਆਪਣੇ ਵਾਤਾਵਰਨ ਪ੍ਰਤੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਲਈ ਸਾਨੂੰ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ। ਦੀਵਾਲੀ ਜ਼ਰੂਰਤਮੰਦਾਂ ਦੀ ਮਦਦ ਕਰਕੇ ਮਨਾਓ ਭਾਜਪਾ ਆਗੂ ਅਸ਼ੋਕ ਨਾਨੋਵਾਲ ਨੇ ਕਿਹਾ ਕਿ ਜੇਕਰ ਦੀਵਾਲੀ ਮੌਕੇ ਪਟਾਕੇ ਖਰੀਦ ਕਰਨ ਵਿਚ ਕੀਤਾ ਜਾਣ ਵਾਲੇ ਖਰਚੇ ਨੂੰ ਕਿਸੇ ਲੋੜਵੰਦ ਉਸ ਮਰੀਜ ਨੂੰ ਦਿੱਤਾ ਜਾਵੇ ਜੋ ਆਪਣੇ ਇਲਾਜ਼ ਲਈ ਕਿਸੇ ਦੀ ਮੱਦਦ ਦੀ ਉਡੀਕ ਕਰ ਰਿਹਾ ਹੋਵੇ ਤਾਂ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ। ਅਜਿਹਾ ਕਰਕੇ ਅਸੀਂ ਕਿਸੇ ਲੋੜਵੰਦ ਨੂੰ ਨਵੀਂ ਜਿੰਦਗੀ ਵੀ ਦੇ ਸਕਦੇ ਹਾਂ। ਅਸੀਂ ਹਜ਼ਾਰਾਂ ਰੁਪਏ ਪਟਾਕੇ ਵਜਾਉਣ ਦੀ ਵੰਡਿਆਈ ਵਿਚ ਖਰਚ ਕਰਕੇ ਲਾਂਭੇ ਹੋ ਜਾਂਦੇ ਹਨ ਜਿਹੜੇ ਕਿ ਕਿਸੇ ਲੋੜਵੰਦ ਦੇ ਕੰਮ ਵੀ ਨਹੀਂ ਆਉਂਦੇ ਬਲਕਿ ਉਲਟਾ ਸਾਡੇ ਵਾਤਾਵਰਨ ਨੂੰ ਨੁਕਸਾਨ ਦੇਹ ਵੀ ਸਾਬਤ ਹੁੰਦੇ ਹਨ। ਆਓ ਹਨੇਰਿਆਂ ਖਿਲਾਫ਼ ਮਨਾਂ ਅੰਦਰ ਗਿਆਨ ਵਿਗਿਆਨ ਦੇ ਦੀਪ ਜਗਾਈਏ ਕਿਉਂਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਤੇ ਦੀਵਾ ਗਿਆਨ ਤੇ ਚਾਨਣ ਦਾ ਪ੍ਰਤੀਕ ਕਿਹਾ ਗਿਆ ਹੈ। ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਇਸ ਵਾਰੀ ਅਸੀਂ ਦੀਵਾਲੀ ਲੋੜਵੰਦ ਲੋਕਾਂ ਦੇ ਕਿਸੇ ਨਾ ਕਿਸੇ ਕੰਮ ਆ ਕੇ ਮਨਾਉਣ ਨੂੰ ਤਰਜੀਹ ਦੇਈਏ ਜਿਸ ਨਾਲ ਮਨੁੱਖਤਾ ਦਾ ਭਲਾ ਹੋ ਸਕੇ।