ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Publish Date: Mon, 09 Nov 2026 04:31 PM (IST)
Updated Date: Tue, 10 Nov 2026 04:03 AM (IST)
ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕਰਵਾਇਆ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਆਦਰਸ਼ਾਂ ਅਤੇ ਰਾਮਾਇਣ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਇੱਕ ਸ਼ਾਨਦਾਰ ਅਤੇ ਅਧਿਆਤਮਿਕ ਸੱਭਿਆਚਾਰਕ ਸਮਾਗਮ ਬੜੀ ਸ਼ਰਧਾ, ਉਤਸ਼ਾਹ ਅਤੇ ਉਮੰਗ ਨਾਲ ਆਯੋਜਿਤ ਕੀਤਾ। ਸਮਾਗਮ ਦਾ ਆਗਾਜ਼ ਸਕੂਲ ਦੀ ਪ੍ਰਿੰ. ਨੀਨਾ ਭਾਰਦਵਾਜ ਅਤੇ ਮੈਨੇਜਮੈਂਟ ਦੇ ਸਨਮਾਨਯੋਗ ਮੈਂਬਰਾਂ ਦੇ ਨਿੱਘੇ ਸਵਾਗਤ ਨਾਲ ਹੋਇਆ। ਪ੍ਰਿੰਸੀਪਲ ਤੋਂ ਸਮਾਗਮ ਸ਼ੁਰੂ ਕਰਨ ਦੀ ਆਗਿਆ ਲੈਣ ਉਪਰੰਤ ਜੋਤੀ ਪ੍ਰਜਵਲਿਤ ਕੀਤੀ। ਇਸ ਮੌਕੇ ਸੰਗੀਤਮਈ ਗਣੇਸ਼ ਵੰਦਨਾ ਨੇ ਸਮੁੱਚੇ ਵਾਤਾਵਰਣ ਨੂੰ ਭਗਤੀ-ਰਸ ਨਾਲ ਭਰ ਦਿੱਤਾ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪ੍ਰੇਰਨਾਦਾਇਕ ਭਾਸ਼ਣਾ ਰਾਹੀਂ ਭਗਵਾਨ ਸ਼੍ਰੀ ਰਾਮ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਸੱਚਾਈ, ਧਰਮ, ਸਾਹਸ ਤੇ ਭਗਤੀ ਦੇ ਮਹੱਤਵ ਬਾਰੇ ਚਾਨਣਾ ਪਾਇਆ। 6ਵੀਂ ਐਮਾ ਜਮਾਤ ਦੇ ਵਿਦਿਆਰਥੀਆਂ ਨੇ ਮਨਮੋਹਕ ਨ੍ਰਿਤ ਦੀ ਪੇਸ਼ਕਾਰੀ ਰਾਹੀਂ ਭਾਰਤੀ ਸੱਭਿਆਚਾਰ ਅਤੇ ਭਗਤੀ ਦੀ ਸੁੰਦਰ ਝਲਕ ਪੇਸ਼ ਕੀਤੀ।‘ਅਯੁੱਧਿਆ ਆਗਮਨ‘ਨਾਮਕ ਵਿਸ਼ੇਸ਼ ਪੇਸ਼ਕਾਰੀ ਨੇ ਭਗਵਾਨ ਸ਼੍ਰੀ ਰਾਮ ਦੇ ਅਯੁੱਧਿਆ ਪਰਤਣ ਦੀ ਖੁਸ਼ੀ ਅਤੇ ਇਤਿਹਾਸਕ ਪਲਾਂ ਨੂੰ ਜੀਵੰਤ ਕਰ ਦਿੱਤਾ। ਸਮਾਗਮ ਨੂੰ ਸਾਹਿਤਕ ਰੰਗ ਦਿੰਦਿਆਂ ਨੌਵੀਂ ਫਰੌਸਟ ਜਮਾਤ ਦੀ ਵਿਦਿਆਰਥਣ ਅਭਿਜੋਤ ਕੌਰ ਨੇ ਭਾਵਪੂਰਨ ਕਵਿਤਾ ਪੇਸ਼ ਕੀਤੀ। ਇਸ ਤੋਂ ਬਾਅਦ ਸ਼ਾਨਦਾਰ ਰਾਜ ਤਿਲਕ ਸਮਾਰੋਹ ਦਾ ਮੰਚਨ ਕੀਤਾ। ਜਿਸ ਰਾਹੀਂ ਭਗਵਾਨ ਸ਼੍ਰੀ ਰਾਮ ਦੇ ਰਾਜ ਤਿਲਕ ਅਤੇ ਧਰਮ ਤੇ ਨਿਆਂ ਦੀ ਸਥਾਪਨਾ ਦੇ ਗੌਰਵਮਈ ਪਲਾਂ ਨੂੰ ਦਰਸ਼ਾਇਆ। ਪੰਜਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨ੍ਰਿਤ ਪੇਸ਼ਕਾਰੀ ਰਾਹੀਂ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਮੌਕੇ ਪ੍ਰਿੰ. ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਨਿਮਰਤਾ, ਆਗਿਆਕਾਰੀ, ਦਇਆ, ਸੱਚਾਈ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਧੰਨਵਾਦ ਮਤੇ ਨਾਲ ਹੋਈ, ਜਿਸ ਵਿਚ ਸਕੂਲ ਮੈਨੇਜਮੈਂਟ, ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੀਮਤੀ ਸਹਿਯੋਗ ਅਤੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ। ਇਹ ਸਮਾਗਮ ਨਾ ਕੇਵਲ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸੁੰਦਰ ਪ੍ਰਤੀਕ ਬਣਿਆ, ਸਗੋਂ ਇਸ ਨੇ ਸਭ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਰਾਮਾਇਣ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਨੂੰ ਸੱਚਾਈ, ਸਦਾਚਾਰ ਅਤੇ ਧਰਮ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ।