ਜ਼ਿਲ੍ਹਾ ਪੱਧਰੀ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਜ਼ਿਲ੍ਹਾ ਪੱਧਰੀ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ
Publish Date: Thu, 19 Nov 2026 05:31 PM (IST)
Updated Date: Thu, 19 Nov 2026 05:33 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ :ਬੀਐੱਲਐੱਮ ਗਰਲਜ਼ ਕਾਲਜ ਨਵਾਂਸ਼ਹਿਰ ਦੇ ਰਾਜਨੀਤੀ ਵਿਗਿਆਨ ਵਿਭਾਗ ਤੇ ਐਨਐੱਸਐੱਸ ਯੂਨਿਟ ਵੱਲੋਂ ਜ਼ਿਲ੍ਹਾ ਚੋਣ ਦਫ਼ਤਰ ਦੇ ਸਹਿਯੋਗ ਨਾਲ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਇਸ ਸਮੁੱਚੇ ਸਮਾਗਮ ਦਾ ਆਯੋਜਨ ਡਾ. ਹਰਦੀਪ ਕੌਰ ਵੱਲੋਂ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਕੁੱਲ 54 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਚੋਣ ਪ੍ਰਕਿਰਿਆ, ਲੋਕਤੰਤਰੀ ਪ੍ਰਣਾਲੀ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਇੱਕ ਵਿਸ਼ੇਸ਼ ਐਕਸਟੈਂਸ਼ਨ ਲੈਕਚਰ ਵੀ ਕਰਵਾਇਆ ਗਿਆ। ਜ਼ਿਲ੍ਹਾ ਸਵੀਪ ਟੀਮ ਦੇ ਮੈਂਬਰਾਂ ਸਤਨਾਮ ਸਿੰਘ, ਡਾ. ਹਰਦੀਪ ਕੌਰ ਅਤੇ ਕੰਚਨ ਅਰੋੜਾ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ, ਵੋਟਰ ਰਜਿਸਟ੍ਰੇਸ਼ਨ, ਚੋਣਾਂ ਵਿਚ ਸਰਗਰਮ ਭਾਗੀਦਾਰੀ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਵਿੱਚ ਚੋਣ ਜਾਗਰੂਕਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਰਾਜਨੀਤੀ ਵਿਗਿਆਨ ਵਿਭਾਗ ਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਸਾਂਝੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਸਮਾਗਮ ਵਿਚ ਪ੍ਰੋ. ਸੁਰਿੰਦਰ ਕੌਰ, ਨਿਵੇਦਿਤਾ, ਮੀਨਾਕਸ਼ੀ, ਗੁਰਭਿੰਦਰ ਕੌਰ, ਕਿਰਨ, ਸਿਮਰਨਜੀਤ ਕੌਰ, ਆਸਥਾ, ਰਮਨਦੀਪ ਕੌਰ, ਪੂਜਾ, ਸ਼ਿਵਾਨੀ ਅਤੇ ਕਿਰਨ ਰਵਨੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।।ਪ੍ਰਿੰਸੀਪਲ ਨੇ ਦੱਸਿਆ ਕਿ ਲੇਖ ਲਿਖਣ ਮੁਕਾਬਲੇ ਵਿਚ ਮਨਜੋਤ ਸਿੰਘ ਮਹਾਲੋਂ, ਜਸ਼ਨਪ੍ਰੀਤ ਕੌਰ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ, ਸੁਨੈਨਾ ਮੁਕੰਦਪੁਰ, ਸਵਾਤੀ ਹਿਆਲਾ, ਮਿਲੀ ਕੁਮਾਰੀ ਘੁੰਮਣ, ਸੋਨੀਆ, ਜਸਪ੍ਰੀਤ ਕੌਰ, ਰੀਤ ਚੁੰਬਰ, ਤਮੰਨਾ ਰਾਏ, ਨਵਪ੍ਰੀਤ ਕੌਰ ਜੇਤੂ ਰਹੇ। ਇਸੇ ਤਰ੍ਹਾਂ ਕੁਇਜ਼ ਮੁਕਾਬਲੇ ਚ ਗੁਰਪ੍ਰੀਤ ਭਾਟੀਆ, ਨੈਂਸੀ ਰਾਣੀ, ਕਾਜਲ, ਸੋਨੀਆ, ਜਾਨਵੀ ਭਾਰਤੀ, ਨਮਨਦੀਪ ਕੌਰ, ਮਨਜੋਤ, ਗ੍ਰਿਤਿਸ਼ ਕੁਮਾਰ, ਅਫਸਾਨਾ, ਅੰਸ਼ੂ ਜੇਤੂ ਰਹੇ। ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ, ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਅਤੇ ਵੋਟਰ ਜਾਗਰੂਕਤਾ ਦਾ ਮਹੱਤਵਪੂਰਨ ਸੰਦੇਸ਼ ਦਿੱਤਾ।