ਜ਼ਿਲ੍ਹਾ ਪੱਧਰੀ 32ਵੀਂ ਬਾਲ ਸਾਇੰਸ ਕਾਂਗਰਸ ਦੇ ਮੁਕਾਬਲੇ ਕਰਵਾਏ ਜ਼ਿਲ੍ਹਾ ਪੱਧਰੀ 32ਵੀਂ ਬਾਲ ਸਾਇੰਸ ਕਾਂਗਰਸ ਦੇ ਮੁਕਾਬਲੇ ਕਰਵਾਏ
Publish Date: Mon, 16 Nov 2026 03:25 PM (IST)
Updated Date: Mon, 16 Nov 2026 03:27 PM (IST)
ਜੇਤੂ ਟੀਮਾਂ ਸੂਬਾ ਪੱਧਰੀ ਹੋਣ ਵਾਲੇ ਮੁਕਾਬਲਿਆਂ ’ਚ ਭਾਗ ਲੈਣਗੀਆਂ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਭਾਰਤ ਸਰਕਾਰ ਦੇ ਅਦਾਰੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੌਲੋਜੀ ਨਵੀਂ ਦਿੱਲੀ, ਦਫਤਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੌਲੌਜੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 32ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਜ਼ਿਲ੍ਹੇ ਦੀਆਂ ਜੂਨੀਅਰ ਗਰੁੱਪ 10 ਤੋਂ 14 ਸਾਲ ਅਤੇ ਸੀਨੀਅਰ ਗਰੁੱਪ 15 ਤੋਂ 17 ਸਾਲ ਦੀਆਂ ਵੱਖ-ਵੱਖ ਟੀਮਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ, ਉੱਪ-ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਦੀ ਇੰਚਾਰਜ ਰਵਿਤਾ ਢਿੱਲੋਂ ਦੀ ਦੇਖ ਰੇਖ ਹੇਠ ਕਰਵਾਏ ਗਏ। ਸਤਨਾਮ ਸਿੰਘ ਨੇ ਦੱਸਿਆ ਕਿ ਬਾਲ ਸਾਇੰਸ ਕਾਂਗਰਸ 2026 ਦਾ ਫੋਕਲ ਥੀਮ ਸਥਿਰਤਾ ਲਈ ਵਿਗਿਆਨ ਅਤੇ ਨਵੀਨਤਾ ਹੈ। ਜਿਸ ਨੂੰ ਅੱਗੇ ਮੁੱਖ ਪੰਜ ਸਬ ਥੀਮਾ ਵਿੱਚ ਵੰਡਿਆ ਗਿਆ ਹੈ। ਇਸ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਟੀਮਾਂ ਵੱਲੋਂ ਇਨ੍ਹਾਂ ਪੰਜ ਸਬ ਥੀਮਾਂ ਦੇ ਅਧੀਨ ਵੱਖ ਵੱਖ ਆਪਣੀਆਂ ਸਥਾਨਕ ਸਮੱਸਿਆਵਾਂ ਦੇ ਉੱਪਰ ਖੋਜ ਕਰਕੇ ਉਨ੍ਹਾਂ ਸਮੱਸਿਆਵਾਂ ਦੇ ਕਾਰਨ, ਉਸਦੇ ਆਮ ਲੋਕਾਂ ਅਤੇ ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਪੂਰਵਕ ਪੇਸ਼ਕਾਰੀ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਸੁਰਿੰਦਰ ਪਾਲ ਸਿੰਘ ਲੈਕਚਰਰ ਫਿਜਿਕਸ, ਨਵਨੀਤ ਕੌਰ ਲੈਕਚਰਾਰ ਬਾਇਓ ਅਤੇ ਸੁਖਵਿੰਦਰ ਲਾਲ ਸਾਇੰਸ ਮਾਸਟਰ ਵੱਲੋਂ ਬਤੌਰ ਜੱਜ ਭੂਮਿਕਾ ਨਿਭਾਈ ਗਈ। ਇਨ੍ਹਾਂ ਮੁਕਾਬਲਿਆਂ ਦੇ ਜੂਨੀਅਰ ਗਰੁੱਪ ਦੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ, ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੀਆਂ ਅਤੇ ਸਰਕਾਰੀ ਹਾਈ ਸਕੂਲ ਛਦੌੜੀ ਨੇ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੀਨੀਅਰ ਗਰੁੱਪ ਦੇ ਵਿਚ ਸਕੋਲਰ ਪਬਲਿਕ ਸਕੂਲ ਜਾਡਲਾ, ਸਕੂਲ ਆਫ ਐਮੀਨੈਸ ਨਵਾਂਸ਼ਹਿਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਨੇ ਕ੍ਰਮਵਾਰ ਪਹਿਲਾ ਦੂਜਾ ਦੇ ਤੀਜਾ ਸਥਾਨ ਹਾਸਿਲ ਕੀਤਾ। ਹੁਣ ਇਹ ਟੀਮਾਂ ਰਾਜ ਪੱਧਰੀ ਬਾਲ ਸਾਇੰਸ ਕਾਂਗਰਸ ਵਿਚ ਭਾਗ ਲੈਣਗੀਆਂ। ਇਸ ਮੌਕੇ ਪ੍ਰਿੰ. ਰਜਨੀਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਧਾਣਾ ਝਿੱਕਾ ਨੇ ਵਿਦਿਆਰਥੀਆਂ ਨੂੰ ਆਪਣੇ ਇਸ ਖੋਜ ਕਾਰਜ ਦੇ ਲਈ ਹੋਰ ਵੱਧ ਮਿਹਨਤ ਕਰਕੇ ਜ਼ਿਲ੍ਹੇ ਦੇ ਲਈ ਪੁਜੀਸ਼ਨ ਲਿਆਉਣ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਕਾਦਮਿਕ ਕੋਆਰਡੀਨੇਟਰ ਡਾ. ਸੁਖਜੀਤ ਸਿੰਘ, ਸਰਬਜੀਤ ਸਿੰਘ, ਨਵਜੋਤ ਕੌਰ, ਸੁਖਵਿੰਦਰ ਕੌਰ, ਦਵਿੰਦਰ ਕੌਰ, ਜਸਵੀਰ ਚੰਦ, ਸੰਦੀਪ ਸਿੰਘ, ਬਲਵਿੰਦਰ ਸਿੰਘ ਅਤੇ ਕਮਲਦੀਪ ਸੱਲਣ ਆਦਿ ਹਾਜ਼ਰ ਸਨ।।ਇਸ ਮੌਕੇ ਸਕੂਲ ਇੰਚਾਰਜ ਰਵਿਤਾ ਢਿੱਲੋਂ ਵੱਲੋਂ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।