30 ਤੱਕ ਆਨਲਾਈਨ ਸਵੈ-ਗਣਨਾ ਮੁਕੰਮਲ ਕਰਨ ਜ਼ਿਲ੍ਹਾ ਵਾਸੀ : ਡੀਸੀ 30 ਨਵੰਬਰ ਤੱਕ ਆਪਣੀ ਆਨਲਾਈਨ ਸਵੈ-ਗਣਨਾ ਜ਼ਰੂਰ ਮੁਕੰਮਲ ਕਰਨ ਜ਼ਿਲ੍ਹਾ ਵਾਸੀ-ਡਿਪਟੀ ਕਮਿਸ਼ਨਰ
Publish Date: Wed, 25 Nov 2026 04:31 PM (IST)
Updated Date: Wed, 25 Nov 2026 04:34 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਨਗਣਨਾ ਦੇ ਦੂਜੇ ਪੜਾਅ ਤਹਿਤ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 30 ਨਵੰਬਰ, 2026 ਤੱਕ ਜਾਰੀ ਰਹੇਗੀ। ਉਪਰੰਤ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਗਿਣਤੀਕਾਰਾਂ ਵੱਲੋਂ ਘਰ-ਘਰ ਜਾ ਕੇ ਜਨਗਣਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨੀਕ ਦੀ ਵਰਤੋਂ ਕਰਦਿਆਂ ਪਹਿਲੀ ਵਾਰ ਨਾਗਰਿਕਾਂ ਨੂੰ ਘਰ ਬੈਠੇ ਹੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਕਰਨ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸਰਕਾਰ ਦੇ ਅਧਿਕਾਰਤ ਸਵੈ-ਗਣਨਾ ਪੋਰਟਲ se.census.gov.in ਤੇ ਜਾ ਕੇ ਜਾਂ ਕਿਊ ਆਰ ਕੋਡ ਸਕੈਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਆਸਾਨੀ ਨਾਲ ਭਰ ਸਕਦੇ ਹਨ। ਵੇਰਵੇ ਜਮ੍ਹਾਂ ਕਰਵਾਉਣ ਉਪਰੰਤ ਇਕ ਵਿਲੱਖਣ ਸਵੈ-ਗਣਨਾ ਆਈਡੀ ਪ੍ਰਾਪਤ ਹੋਵੇਗੀ। ਜਿਸ ਨੂੰ ਬਾਅਦ ਵਿਚ ਘਰ ਆਉਣ ਵਾਲੇ ਗਿਣਤੀਕਾਰ ਨਾਲ ਸਾਂਝਾ ਕਰਕੇ ਆਪਣੀ ਜਾਣਕਾਰੀ ਦੀ ਤਸਦੀਕ ਕਰਵਾਈ ਜਾ ਸਕੇਗੀ। ਉਨ੍ਹਾਂ ਜ਼ਿਲ੍ਹੇ ਦੇ ਸੂਝਵਾਨ ਨਾਗਰਿਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਹੀ ਅਤੇ ਸਟੀਕ ਅੰਕੜੇ ਹੀ ਸੂਬੇ ਅਤੇ ਦੇਸ਼ ਦੇ ਭਵਿੱਖੀ ਵਿਕਾਸ ਯੋਜਨਾਵਾਂ ਅਤੇ ਲੋਕ ਭਲਾਈ ਸਕੀਮਾਂ ਦਾ ਆਧਾਰ ਬਣਦੇ ਹਨ। ਇਸ ਲਈ ਹਰ ਜ਼ਿੰਮੇਵਾਰ ਨਾਗਰਿਕ 30 ਨਵੰਬਰ ਤੋਂ ਪਹਿਲਾਂ ਆਪਣੀ ਸਵੈ-ਗਣਨਾ ਜ਼ਰੂਰ ਮੁਕੰਮਲ ਕਰੇ। ਤਾਂ ਜੋ ਇਸ ਰਾਸ਼ਟਰੀ ਕਾਰਜ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।