ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਤਿਉਹਾਰਾਂ 'ਤੇ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ
Publish Date: Tue, 20 Oct 2026 04:50 PM (IST)
Updated Date: Tue, 20 Oct 2026 04:51 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਸੁਕਰਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਸਾਲ 2026 ਦੌਰਾਨ ਦੀਵਾਲੀ, ਕ੍ਰਿਸਮਿਸ, ਨਵੇਂ ਸਾਲ ਅਤੇ ਗੁਰਪੁਰਬ ਦੇ ਮੌਕੇ ਤੇ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਹੈ। ਇਹ ਹੁਕਮ ਵਿਸਫੋਟਕ ਨਿਯਮਾਂ (ਐਕਸਪਲੋਸਿਵ ਰੂਲਜ਼-2008) ਅਤੇ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮ ਵਿਚ ਸਪਸ਼ਟ ਕੀਤਾ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਅੱਧੀ ਰਾਤ 12:00 ਵਜੇ (11:55 ਪੀਐਮ 12:30 ਏਐਮ ਓਨਲੀ) ਅਤੇ ਗੁਰਪੁਰਬ ਦੇ ਮੌਕੇ ਤੇ ਸਵੇਰੇ 1 ਘੰਟੇ ਲਈ 4 ਵਜੇ ਤੋਂ 5 ਵਜੇ ਤੱਕ ਤੇ ਸ਼ਾਮ ਨੂੰ 1 ਘੰਟੇ ਲਈ 9 ਵਜੇ ਤੋਂ 10 ਵਜੇ ਤੱਕ ਹੀ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਉੁਕਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿਚ ਜ਼ਿਲ੍ਹੇ ਅੰਦਰ ਪਟਾਖੇ ਚਲਾਉਣ ਤੇ ਪੂਰਨ ਪਾਬੰਦੀ ਹੋਵੇਗੀ। ਖਾਮੋਸ਼ ਥਾਵਾਂ ਜਿਵੇਂ ਕਿ ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਅੰਦਰ ਪਟਾਖੇ ਚਲਾਉਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਦਾ ਪਾਇਆ ਜਾਂਦਾ ਹੈ ਤਾਂ ਕਾਨੂੰਨੀ ਤੌਰ ਤੇ ਸਜਾ ਦਾ ਹੱਕਦਾਰ ਹੋਵੇਗਾ।