ਪਟਾਕੇ ਵੇਚਣ ਲਈ 8 ਆਰਜ਼ੀ ਲਾਇਸੈਂਸਾਂ ਦੇ ਡਰਾਅ ਕੱਢੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ 8 ਆਰਜ਼ੀ ਲਾਇਸੈਂਸਾਂ ਦੇ ਡਰਾਅ ਕੱਢੇ
Publish Date: Tue, 03 Nov 2026 05:21 PM (IST)
Updated Date: Tue, 03 Nov 2026 05:23 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਵਾਸਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਡਰਾਅ ਕੱਢੇ ਗਏ। ਇਹ ਡਰਾਅ ਸਹਾਇਕ ਕਮਿਸ਼ਨਰ (ਜਨਰਲ) ਰਮਨਜੀਤ ਪੀਸੀਐਸ, ਡੀਐਸਪੀ ਸੁਰਿੰਦਰ ਚਾਂਦ ਪੀਪੀਐਸ, ਦਫਤਰ ਡਿਪਟੀ ਕਮਿਸ਼ਨਰ ਸੁਪਰਡੈਂਟ ਗ੍ਰੇਡ-2 ਮਨੋਹਰ ਲਾਲ, ਰੀਡਰ ਸ਼ਾਮ ਲਾਲ, ਐਮ.ਏ ਜਸਵਿੰਦਰ ਕੁਮਾਰ ਦੀ ਮੌਜੂਦਗੀ ਵਿੱਚ ਪਾਰਦਰਸ਼ੀ ਢੰਗ ਨਾਲ ਕੱਢੇ ਗਏ। ਸਹਾਇਕ ਕਮਿਸ਼ਨਰ (ਜਨਰਲ) ਰਮਨਜੀਤ ਨੇ ਦੱਸਿਆ ਕਿ ਪਟਾਕੇ ਵੇਚਣ ਲਈ ਕੁੱਲ 57 ਬਿਨੈ-ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 8 ਆਰਜ਼ੀ ਲਾਇਸੈਂਸਾਂ ਲਈ ਡਰਾਅ ਕੱਢੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਸੀਐੱਸਆਈਆਰ-ਨੀਤੀ ਤੋਂ ਪ੍ਰਵਾਨਿਤ ਗਰੀਨ ਪਟਾਕੇ ਹੀ ਵੇਚਣ ਦੀ ਆਗਿਆ ਹੋਵੇਗੀ। ਆਰਜ਼ੀ ਲਾਇਸੈਂਸਾਂ ਲਈ ਡਰਾਅ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ਼ 2017 ਵਿਚ ਜਾਰੀ ਹਦਾਇਤਾਂ ਅਨੁਸਾਰ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋੜੀਂਦਾ ਲਾਇਸੈਂਸ ਪ੍ਰਾਪਤ ਕਰਨ ਵਾਲੇ ਵਿਅਕਤੀ ਹੀ ਨਿਰਧਰਿਤ ਸਮੇਂ ਦੌਰਾਨ ਪਟਾਕੇ ਵੇਚ ਸਕਣਗੇ।।ਸਹਾਇਕ ਕਮਿਸ਼ਨਰ (ਜਨਰਲ) ਨੇ ਪਟਾਕਾ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਵਿਕਰੀ ਵਾਲੀਆਂ ਥਾਵਾਂ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਸਰਕਾਰ ਵੱਲੋਂ ਜਾਰੀ ਨਿਯਮਾਂ ਤੇ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਟਾਕਿਆਂ ਦੀ ਵਿਕਰੀ ਵਾਲੀਆਂ ਥਾਵਾਂ ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਡਰਾਅ ਰਾਹੀਂ ਚੁਣੇ ਗਏ ਪਟਾਕਾ ਵਿਕਰੇਤਾਵਾਂ ਵਿਚ ਸਬ ਡਿਵੀਜ਼ਨ ਨਵਾਂਸ਼ਹਿਰ (ਸ਼ਹਿਰੀ ਇਲਾਕਾ) ਵਿਚ ਦੋਆਬਾ ਆਰੀਆ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਦੀ ਗਰਾਊਂਡ ਲਈ ਜੋਗਿੰਦਰ ਪਾਲ ਅਤੇ ਸੁਰਜੀਤ ਸਿੰਘ ਸਬ ਡਵੀਜ਼ਨ ਨਵਾਂਸ਼ਹਿਰ (ਦਿਹਾਤੀ ਇਲਾਕਾ) ਵਿਚ ਦੁਸਹਿਰਾ ਗਰਾਊਂਡ, ਔੜ ਲਈ ਮੁਨਾਕਸ਼ੀ, ਦੁਸਹਿਰਾ ਗਰਾਊਂਡ ਰਾਹੋ ਲਈ ਕਰਨ ਪਾਠਕ, ਸਬ ਡਵੀਜ਼ਨ ਬੰਗਾ (ਸਹਿਰੀ ਇਲਾਕਾ) ਵਿਚ ਦੁਸਹਿਰਾ ਗਰਾਊਂਡ ਬੰਗਾ ਲਈ ਰੋਹਿਤ ਮਹਿਮੀ, ਸਬ ਡਿਵੀਜ਼ਨ ਬੰਗਾ (ਦਿਹਾਤੀ ਇਲਾਕਾ) ਵਿਚ ਸੀਨੀਅਰ ਸੈਕੰਡਰੀ ਸਕੂਲ ਮਕੰਦਪੁਰ ਦੀ ਗਰਾਊਂਡ ਲਈ ਅੰਮ੍ਰਿਤ ਲਾਲ, ਸਬ ਡਵੀਜ਼ਨ ਬਲਾਚੌਰ (ਸ਼ਹਿਰੀ ਇਲਾਕਾ) ਵਿਚ ਦਸਹਿਰਾ ਗਰਾਉਂਡ ਬਲਾਕ ਬਲਾਚੌਰ ਲਈ ਸ਼ਿਵ ਕੁਮਾਰ ਅਤੇ ਸਬ ਡਵੀਜ਼ਨ ਬਲਾਚੌਰ (ਦਿਹਾਤੀ ਇਲਾਕਾ) ਵਿਚ ਸੀਨੀਅਰ ਸੈਕਡਰੀ ਸਕੂਲ ਸੜੋਆ ਦੀ ਗਰਾਊਂਡ ਲਈ ਕਾਸਮ ਸ਼ਾਮਲ ਹਨ।