ਔੜ ਤੇ ਬਰਸਾਤ ਬਾਰੇ ਵਿਚਾਰ-ਚਰਚਾ ਤੇ ਸਾਹਿਤਕ ਸਮਾਗਮ ਔੜ ਤੇ ਬਰਸਾਤ ਬਾਰੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ
Publish Date: Sun, 15 Nov 2026 04:42 PM (IST)
Updated Date: Mon, 16 Nov 2026 04:01 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵੱਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿਖੇ ਸ਼ਾਇਰ ਗੁਰਦੀਪ ਸਿੰਘ ਸੈਣੀ ਦੇ ਪਲੇਠੇ ਗ਼ਜ਼ਲ ਸੰਗ੍ਰਹਿ ਔੜ ਤੇ ਬਰਸਾਤ ਬਾਰੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਡਾ.ਰਣਜੀਤ ਸਿੰਘ, ਪ੍ਰੋਫੈਸਰ ਬਲਜੀਤ ਸਿੰਘ ਬੱਲੀ, ਪ੍ਰਿੰਸੀਪਲ ਡਾ. ਹਰਭਜਨ ਸਿੰਘ ਕਰਨਾਣਾ (ਭਾਰਤ ਵਿਭੂਸ਼ਣ), ਡਾ. ਸੋਮਾ ਸਬਲੋਕ, ਗੁਰਦੀਪ ਸੈਣੀ ਸ਼ੁਸ਼ੋਬਤ ਸਨ। ਸਮਾਗਮ ਦੀ ਸ਼ੁਰੁਆਤ ਕਰਦਿਆਂ ਮੰਚ ਦੇ ਪ੍ਰਧਾਨ ਸੋਮਾ ਸਬਲੋਕ ਨੇ ਆਏ ਹੋਏ ਸਭ ਮਹਿਮਾਨਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਵੱਲੋਂ ਮੰਚ ਦੇ ਉਦੇਸ਼ ਪ੍ਰਤੀ ਅਤੇ ਪਿਛਲੇ ਸਮੇਂ ਵਿਚ ਕੀਤੀ ਕਾਰਗੁਜਾਰੀ ਦਾ ਵੇਰਵਾ ਸਾਂਝਾ ਕੀਤਾ। ਡਾ. ਸ਼ਮਸੇਰ ਮੋਹੀ ਨੇ ਪੁਸਤਕ ਤੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਵੱਲੋਂ ਨਿੱਜੀ ਗ਼ਮਾਂ ਨਾਲੋਂ ਸਮਾਜਿਕ ਮਸਲਿਆਂ ਨੂੰ ਤਰਜੀਹ ਦਿੱਤੀ। ਮਨੁੱਖੀ ਕਿਰਦਾਰ ਦੀ ਸੁੱਚਤਾ ਅਤੇ ਬੁਲੰਦੀ ਨੂੰ ਮਨੁੱਖ ਹੋਣ ਦੀ ਮੁੱਢਲੀ ਸ਼ਰਤ ਤਸਲੀਮ ਕਰਦਿਆਂ ਇਸ ਦੇ ਇਰਦ-ਗਿਰਦ ਆਪਣੇ ਵਿਚਾਰਾਂ ਦਾ ਤਾਣਾ ਬਾਣਾ ਬੁਣਦਾ ਹੈ। ਉਸਦਾ ਪ੍ਰਮੁੱਖ ਫਿਕਰ ਇਹ ਹੈ ਕਿ ਮਨੁੱਖੀ ਕਿਰਦਾਰ ਨੂੰ ਬਹੁਤ ਭਾਰੀ ਢਾਹ ਲਗ ਚੁੱਕੀ ਹੈ। ਉਸ ਨੂੰ ਆਪਣੇ ਆਲੇ-ਦੁਆਲੇ ਜ਼ਿਆਦਾਤਰ ਬੌਣੇ, ਖੋਖਲੇ, ਦਾਗੀ, ਕਪਟੀ ਕਿਰਦਾਰ ਨਜ਼ਰ ਆਉਂਦੇ ਹਨ। ਭਾਵ ਸਮੁੱਚਾ ਪ੍ਰਬੰਧ ਹੀ ਗਰਕ ਚੁੱਕਾ ਹੈ। ਸੰਤ ਸਿੰਘ ਸੋਹਲ ਨੇ ਕਿਹਾ ਕਿ ਹੁਣ ਗ਼ਜ਼ਲ ਔਰਤਾਂ ਨਾਲ ਗੱਲਾਂ ਹੀ ਨਹੀਂ ਕਰਦੀ ਸਗੋਂ ਵਿਸ਼ਵਵਿਆਪੀ ਵਰਤਾਰਿਆਂ ਵਿਚ ਵਿਚਰਦੀ ਇੱਕ ਅੱਤ ਹੀ ਸੰਵੇਦਨਸ਼ੀਲ ਹਰਮਨ ਪਿਆਰੀ ਵਿਧਾ ਬਣ ਗਈ ਹੈ। ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੇਖਕ ਅਵਾਮ ਨੂੰ ਸੁਚੇਤ ਹੋਣ ਲਈ ਪ੍ਰੇਰਦਾ ਹੈ ਅਤੇ ਆਪਣੇ ਹਿੱਤਾਂ ਵਾਸਤੇ ਲੜਨ, ਖੜ੍ਹਨ ਦਾ ਹੋਕਾ ਦਿੰਦਾ ਹੈ। ਅੰਧਵਿਸ਼ਵਾਸ, ਮਜ਼ਹਬੀ ਜਨੂੰਨ, ਜਾਤ-ਪਾਤ ਦੀਆਂ ਘਾਤਕ ਚਾਲਾਂ ਖੇਡਣ ਵਾਲਿਆਂ ਖਿਲਾਫ਼ ਲੇਖਕ ਦੀ ਕਲਮ ਲੋਕਾਂ ਨੂੰ ਜਾਗਰੂਕ ਕਰ ਰੌਸ਼ਨੀ ਵੱਲ ਵਧਣ ਦੀ ਪ੍ਰੇਰਨਾ ਦਿੰਦੀ ਨਜ਼ਰ ਆਉਂਦੀ ਹੈ। ਜਿੱਥੇ ਹਰ ਮਨੁੱਖ ਦੇ ਹਿੱਤ ਮਹਿਫੂਜ਼ ਹੋਣ। ਭਾਈ ਸੰਗਤ ਸਿੰਘ ਖਾਲਸਾ ਕਾਲਜ ਦੇ ਪ੍ਰਿਸੀਪਲ ਡਾ. ਰਣਜੀਤ ਸਿੰਘ ਪੰਜਾਬੀ ਸਾਹਿਤ ਨੂੰ ਪ੍ਰਫੁਲਿੱਤ ਕਰਨ ਲਈ ਕੀਤੇ ਜਾ ਰਹੇ ਕਾਰਜ ਲਈ ਸ਼ਲਾਘਾ ਕੀਤੀ। ਇਸ ਪਰਚੇ ’ਤੇ ਪ੍ਰੋਫੈਸਰ ਬਲਦੇਵ ਸਿੰਘ ਬੱਲੀ ਸਾਬਕਾ ਡੀਪੀਆਰਓ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਡਾ. ਕੁਲਦੀਪ ਕੌਰ, ਨਾਵਲਕਾਰ ਗੁਰਨਾਮ ਬਾਵਾ, ਡਾ ਗੁਲਬਹਾਰ ਸਿੰਘ ਨੇ ਚਰਚਾ ਵਿਚ ਭਾਗ ਲਿਆ ਅਤੇ ਸਿਫ਼ਤ, ਸੁਝਾਵ ਅਤੇ ਅਲੋਚਨਾ ਦੇ ਪੱਖ ਤੋਂ ਵਿਚਾਰ ਪੇਸ਼ ਕੀਤੇ। ਸ਼ਾਇਰ ਗੁਰਦੀਪ ਸੈਣੀ ਨੇ ਸਮੁੱਚੀ ਚਰਚਾ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਲਾਘਾ ਅਤੇ ਆਲੋਚਨਾ ਤੇ ਤਸੱਲੀ ਪ੍ਰਗਟਾਈ ਅਤੇ ਮੰਚ ਵੱਲੋਂ ਸਮਾਗਮ ਰਚਾਉਣ ਲਈ ਧੰਨਵਾਦ ਕੀਤਾ । ਸਮਾਪਤੀ ਤੇ ਪ੍ਰਿੰ. ਡਾ. ਹਰਭਜਨ ਸਿੰਘ ਕਰਨਾਣਾ (ਭਾਰਤ ਵਿਭੂਸ਼ਣ) ਹੋਰਨਾਂ ਨੇ ਸਾਰੇ ਮਹਿਮਾਨਾਂ,ਚਰਚਾ ਵਿਚ ਭਾਗ ਲੈਣ ਵਾਲਿਆਂ ਸਰੋਤਿਆਂ, ਕਾਲਜ ਦੇ ਪ੍ਰਿੰਸੀਪਲ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ । ਇੰਜੀਨੀਅਰ ਜਸਵੀਰ ਸਿੰਘ ਮੋਰੋਂ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਬਾਖੂਬੀ ਨਿਭਾਈ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਾਹਿਤਕ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੋਡੀ ਰਾਣਾ ਨਾਟਕਕਾਰ, ਜਸਵਿੰਦਰ ਭਟੋਆ, ਆਕਾਸ਼ ਵਿਰਦੀ, ਗੁਰਨਾਮ ਬਾਵਾ ਨਾਵਲਕਾਰ, ਸੁਰੇਸ਼ ਚੌਹਾਨ ਕਰਨਾਣਾ, ਦੀਪ ਜਗਤਪੁਰੀ, ਰਣਜੀਤ ਪੋਸੀ, ਸ਼ਾਮ ਸੁੰਦਰ ਪੋਸੀ, ਅਮਰਜੀਤ ਅਮਰੀ (ਪਾਲ ਕਦੀਮ), ਵਿਨੈ ਸ਼ਰਮਾ, ਮੈਡਮ ਰਜਨੀ ਸ਼ਰਮਾ, ਡਾ. ਕੇਵਲ ਰਾਮ, ਦਲਵੀਰ ਮਾਹੀ, ਸਰਬਜੀਤ ਮੰਗੂਵਾਲ, ਸਤਪਾਲ ਸਾਹਲੋਂ, ਕੁਲਵਿੰਦਰ ਕੁੱਲਾ, ਨੂਰ ਕਮਲ, ਦੀਪ ਸੇਰਗਿੱਲ, ਗੁਰਕਰਨ ਪੱਦੀ, ਸੇਵਾ ਸਿੰਘ ਨੂਰਪੁਰੀ, ਬਲਜੀਤ ਕੌਰ ਝੁੱਟੀ ਆਦਿ ਨੇ ਸ਼ਮੂਲੀਅਤ ਕੀਤੀ।