- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੋਂ 'ਚ ਲਗੇ ਖਸਤਾਹਾਲ ਸਾਈਨ ਬੋਰਡ ਵਧਾ ਰਹੇ ਪਰੇਸ਼ਾਨੀ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਨਗਰ ਕੌਂਸਲ ਰਾਹੋਂ ਵੱਲੋਂ ਫਿਲੌਰ ਰੋਡ ’ਤੇ ਲਗਾਏ ਸਾਈਨ ਬੋਰਡਾਂ ਦੀ ਮਾੜੀ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਫਿਲੌਰ ਰੋਡ ’ਤੇ ਲਗਾਈਆਂ ਸਟਰੀਟ ਲਾਈਟਾਂ ਦਰੱਖਤਾਂ ਦੀਆਂ ਟਾਹਣੀਆਂ ਵਿਚ ਲੁਕੀਆਂ ਹੋਣ ਕਾਰਨ ਰਾਤ ਸਮੇਂ ਸੜਕ ’ਤੇ ਹਨ੍ਹੇਰਾ ਛਾਇਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਇਸ ਕਾਰਨ ਰੋਜ਼ਾਨਾ ਕੋਈ ਨਾ ਕੋਈ ਪਸ਼ੂ ਜਾਂ ਕੁੱਤਾ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ। ਲੋਕਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਬਿਨਾ ਦੇਰੀ ਕੀਤੇ ਦਰੱਖਤਾਂ ਦੀਆਂ ਟਾਹਣੀਆਂ ਦੀ ਛਾਂਟੀ ਕਰ ਕੇ ਲਾਈਟਾਂ ਦੀ ਕਾਰਗੁਜ਼ਾਰੀ ਦਰੁਸਤ ਕੀਤੀ ਜਾਵੇ। ਇਸੇ ਤਰ੍ਹਾਂ ਮਾਛੀਵਾੜਾ-ਫਿਲੌਰ ਚੌਕ ਦਾ ਟੁੱਟਿਆ ਸਾਈਨ ਬੋਰਡ ਵੀ ਠੀਕ ਕੀਤਾ ਜਾਵੇ ਤਾਂ ਜੋ ਬਾਹਰੋਂ ਆਉਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਦਿਸ਼ਾ-ਸੂਚਕ ਬੋਰਡ ਬਹੁਤ ਮਹੱਤਵਪੂਰਨ ਸੇਵਾਵਾਂ ਨਿਭਾ ਸਕੇ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਰਾਹੋਂ ਤੋਂ ਮੰਗ ਕੀਤੀ ਕਿ ਫਿਲੌਰ ਰੋਡ ਸਮੇਤ ਸ਼ਹਿਰ ਦੀਆਂ ਸਾਰੀਆਂ ਮੇਨ ਸੜਕਾਂ ਦੀਆਂ ਸਟਰੀਟ ਲਾਈਟਾਂ ਦਾ ਨਿਰੀਖਣ ਕਰਵਾਇਆ ਜਾਵੇ। ਮਾਛੀਵਾੜਾ-ਫਿਲੌਰ ਚੌਕ ਦੇ ਟੁੱਟੇ ਦਿਸ਼ਾ-ਸੂਚਕ ਸਾਈਨ ਬੋਰਡ ਨੂੰ ਨਵਾਂ ਲਗਾਇਆ ਜਾਵੇ ਜਾਂ ਮੁਰੰਮਤ ਕਰ ਕੇ ਸਪੱਸ਼ਟ ਦਿਸ਼ਾਵਾਂ ਵਾਲਾ ਬੋਰਡ ਲਗਾਇਆ ਜਾਵੇ ਤਾਂ ਜੋ ਕਿਸੇ ਹਾਦਸੇ ਜਾਂ ਕਿਸੇ ਬਾਹਰਲੇ ਵਾਹਨ ਚਾਲਕ ਨੂੰ ਰਸਤਾ ਭੁੱਲਣ ਵਰਗੀ ਸਥਿਤੀ ਪੈਦਾ ਨਾ ਹੋਵੇ। ਉਧਰ ਇਸ ਸਬੰਧ ਵਿਚ ਨਗਰ ਕੌਂਸਲ ਦੇ ਅਫ਼ਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।