ਡੀਆਈਜੀ ਸੰਦੀਪ ਗੋਇਲ ਨੇ ਨਵਾਂਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਡੀਆਈਜੀ ਸੰਦੀਪ ਗੋਇਲ ਨੇ ਨਵਾਂਸ਼ਹਿਰ ’ਚ ਸੁਰਖਿਆ ਪ੍ਰਬੰਧਾ ਦਾ ਲਿਆ ਜਾਇਜਾ
Publish Date: Fri, 14 Aug 2026 05:03 PM (IST)
Updated Date: Fri, 14 Aug 2026 05:05 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹਾ ਪੱਧਰ ਤੇ ਮਨਾਏ ਜਾ ਰਹੇ 15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੱਦੇਨਜ਼ਰ ਸੁਰਖਿਆ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਡੀਆਈਜੀ ਸੰਦੀਪ ਗੋਇਲ ਆਈਪੀਐੱਸ ਬਾਰਡਰ ਰੇਂਜ ਵੱਲੋਂ ਸਥਾਨਕ ਅੰਬੇਡਕਰ ਚੌਂਕ ਨੇੜੇ ਬੱਸ ਅੱਡਾ ਵਿਖੇ ਪੁਲਿਸ ਵੱਲੋਂ ਕੀਤੇ ਜਾ ਰਹੇ ਸਖਤ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ’ਚ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕੇ ਨਵਾਂਸ਼ਹਿਰ ’ਚ ਪੁੱਜੇ ਹਨ। ਉਨ੍ਹਾਂ ਨਵਾਂਸ਼ਹਿਰ ਅਤੇ ਸਮੂਹ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸਾਰੇ ਥਾਵਾਂ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਵੀ ਐੱਸਐੱਸਪੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਲਾਕੇ ਵਿਚ ਘੁੰਮਦੇ ਕਿਸੇ ਵੀ ਸ਼ਕੀ ਵਿਅਕਤੀ ਅਤੇ ਸਮਾਨ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਤਾਂ ਜੋ ਜ਼ਿਲ੍ਹੇ ਵਿਚ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਿਚ ਇਹ ਮੁਕੱਦਸ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕਾਂ ਨੂੰ ਖੁਦ ਸੁਰਖਿਅਤ ਰਹਿਣ ਦੇ ਨਾਲ ਨਾਲ ਹੋਰਨਾਂ ਦੀ ਸੁਰਖਿਆ ਲਈ ਵੀ ਪੁਲਿਸ ਨੂੰ ਬਣਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐੱਸਐੱਸਪੀ ਤੁਸ਼ਾਰ ਗੁਪਤਾ, ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਪੰਕਜ ਸ਼ਰਮਾ, ਐੱਸਐੱਚਓ ਅਵਤਾਰ ਸਿੰਘ ਸਮੇਤ ਸਮੂਹ ਪੁਲਿਸ ਪਾਰਟੀ ਹਾਜ਼ਰ ਸਨ।