- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾਲੂਆਂ ਨੇ ਪਾਣੀ ਨਾਲ ਭਰੇ ਟੱਬ 'ਚ ਕੀਤੀ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਮੰਦਭਾਗੀ ਘਟਨਾ ਤੋਂ ਬਚਣ ਲਈ ਲੋਕਾਂ ਨੂੰ ਨਦੀਆਂ ਅਤੇ ਦਰਿਆਵਾਂ ਦੇ ਨੇੜੇ ਨਹਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਥਾਨਕ ਟੀਚਰ ਕਲੋਨੀ ਵਿਖੇ ਇਕ ਪਰਿਵਾਰ ਵੱਲੋਂ ਆਪਣੇ ਘਰ ਦੇ ਵਿਹੜੇ ਵਿਚ ਬੜੇ ਆਦਰ ਸਤਿਕਾਰ ਸਹਿਤ ਸ਼੍ਰੀ ਗਣਪਤੀ ਬੱਪਾ ਦੀ ਮੂਰਤੀ ਦਾ ਵਿਸਰਜਨ ਕੀਤਾ। ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਮੁੱਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਗਣੇਸ਼ ਚਤੁਰਥੀ ਵਾਲੇ ਦਿਨ ਪਰਿਵਾਰ ਵੱਲੋਂ ਆਪਣੇ ਘਰ ਵਿਚ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦੀ ਵਿਧੀਪੂਰਵਕ ਸਥਾਪਨਾ ਕਰਵਾਈ ਗਈ। ਆਂਢ-ਗੁਆਂਢ ਅਤੇ ਮਿੱਤਰਾਂ ਸੱਜਣਾਂ ਦੇ ਸਹਿਯੋਗ ਨਾਲ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਭਜਨ ਭੇਟਾਂ ਗਾ ਕੇ ਗਣਪਤੀ ਬੱਪਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਅੱਜ ਆਰਤੀ ਤੋਂ ਬਾਅਦ ਘਰ ਵਿਚ ਰੱਖੇ ਜਲ ਨਾਲ ਭਰੇ ਹੋਏ ਇਕ ਵੱਡੇ ਟੱਬ ਵਿਚ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਣੀ ਵਿਚ ਘੁਲ਼ੀ ਇਸ ਮਿੱਟੀ ਨੂੰ ਘਰ ਦੇ ਵਿਹੜੇ ਵਿਚ ਲਗਾਏ ਗਏ ਬੂਟਿਆਂ ਵਿਚ ਪਾ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਭਲਾਈ ਲਈ ਸਮੇਂ-ਸਮੇਂ ’ਤੇ ਜਾਰੀ ਕੀਤੇ ਜਾਂਦੇ ਹੁਕਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਸਭ ਲੋਕ ਅਜਿਹਾ ਕਰਨ ਤਾਂ ਜਿੱਥੇ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ, ਉੱਥੇ ਹੀ ਕਿਸੇ ਮੰਦਭਾਗੀ ਘਟਨਾ ਤੋਂ ਵੀ ਬਚਿਆ ਜਾ ਸਕੇ। ਇਸ ਮੌਕੇ ਸੰਗੀਤਾ ਜੋਸ਼ੀ, ਐਡਵੋਕੇਟ ਉਰਵਸ਼ੀ ਜੋਸ਼ੀ, ਭਾਰਗਵ ਜੋਸ਼ੀ, ਮਨਜੀਤ ਜੋਸ਼ੀ, ਲਾਲੀ ਜੋਸ਼ੀ, ਸਾਕਸ਼ੀ, ਸ਼ਿਵਾ, ਬਲਰਾਮ, ਜਤਿੰਦਰ ਕੁਮਾਰ, ਪ੍ਰਸ਼ੋਤਮ ਬੈਂਸ, ਵੀਨਾ, ਸ਼ਿਵਾਨੀ, ਮੁਕੇਸ਼ ਰਾਜਸਥਾਨੀ ਅਤੇ ਉਨ੍ਹਾਂ ਦਾ ਪਰਿਵਾਰ ਆਦਿ ਵੀ ਹਾਜ਼ਰ ਸਨ।