ਡਿਪਟੀ ਕਮਿਸ਼ਨਰ ਨੇ ਡਿਊਟ ਗੀਤ ‘ਅੱਗ ਨਾ ਲਾਵਾਂ’ ਕੀਤਾ ਰਿਲੀਜ਼
ਡਿਪਟੀ ਕਮਿਸ਼ਨਰ ਨੇ ਡਿਊਟ ਗੀਤ 'ਅੱਗ ਨਾ ਲਾਵਾਂ' ਕੀਤਾ ਰਿਲੀਜ਼
Publish Date: Sat, 19 Sep 2026 05:04 PM (IST)
Updated Date: Sat, 19 Sep 2026 05:05 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਸਬੰਧੀ ਜਾਗਰੂਕਤਾ ਲਿਆਉਣ ਦੇ ਲਈ ਗਾਇਕ ਲਖਵਿੰਦਰ ਸਿੰਘ ਲੱਖਾ ਸੂਰਾਪੁਰੀਆ ਅਤੇ ਜੈਸਮੀਨ ਖਾਨ ਦੀ ਸੁਰੀਲੀ ਆਵਾਜ਼ ਵਿੱਚ ਡਿਊਟ ਗੀਤ ਅੱਗ ਨਾ ਲਾਵਾਂ ਨੂੰ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਵੱਲੋਂ ਰਿਲੀਜ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਖਤਰਨਾਕ ਧੂੰਆਂ ਨਿਕਲਦਾ ਹੈ, ਜਿਸ ਨਾਲ ਹਵਾ ਗੰਦਲੀ ਹੁੰਦੀ ਹੈ ਅਤੇ ਸਾਹ ਦੀਆਂ ਬਿਮਾਰੀਆਂ ਵਧਦੀਆਂ ਹਨ। ਪਰਾਲੀ ਸਾੜਨ ਨਾਲ ਮਿੱਟੀ ਦੇ ਲਾਹੇਵੰਦ ਤੱਤ ਅਤੇ ਮਿੱਤਰ ਕੀੜੇ ਸੜ ਕੇ ਸੁਆਹ ਹੋ ਜਾਂਦੇ ਹਨ। ਪ੍ਰਦੂਸ਼ਿਤ ਹਵਾ ਇਨਸਾਨਾਂ, ਪਸ਼ੂਆਂ ਅਤੇ ਪੰਛੀਆਂ ਦੀ ਸਿਹਤ ਤੇ ਬੁਰਾ ਅਸਰ ਪਾਉਂਦੀ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਿਸਾਨ ਭਰਾ ਪਰਾਲੀ ਨੂੰ ਸੰਭਾਲਣ ਲਈ ਸੁਪਰ ਸੀਡਰ, ਹੈਪੀ ਸੀਡਰ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਕਰਨ। ਇਸ ਮੌਕੇ ਡਾ. ਲੇਖ ਰਾਜ ਮੁੱਖ ਖੇਤੀਬਾੜੀ ਅਫਸਰ, ਜਸਵੀਰ ਸਿੰਘ ਪੀਏ ਟੂ ਡੀਸੀ, ਅਵਤਾਰ ਸਿੰਘ, ਜਸਪਾਲ ਸਿੰਘ ਲੌਗੀਆ, ਵਾਸਦੇਵ ਪਰਦੇਸੀ, ਹਰਦੇਵ ਚਾਹਲ, ਦਿਲਵਰਜੀਤ ਦਿਲਵਰ ਆਦਿ ਸ਼ਾਮਲ ਸਨ।