ਡਿਪਟੀ ਕਮਿਸ਼ਨਰ ਵੱਲੋਂ ਸ਼ੋਭਾ ਯਾਤਰਾਵਾਂ ਦੇ ਪ੍ਰਬੰਧਾਂ ਸੰਬੰਧੀ ਅਧਿਕਾਰੀਆਂ ਨਾਲ ਵਿਚਾਰਾਂ ਡਿਪਟੀ ਕਮਿਸ਼ਨਰ ਵੱਲੋਂ ਸ਼ੋਭਾ ਯਾਤਰਾਵਾਂ ਦੇ ਪ੍ਰਬੰਧਾਂ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ
Publish Date: Wed, 25 Nov 2026 05:53 PM (IST)
Updated Date: Wed, 25 Nov 2026 05:55 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤੀਆਂ ਜਾ ਰਹੀਆਂ ਚਾਰ ਸ਼ੋਭਾ ਯਾਤਰਾਵਾਂ ਵਿਚੋਂ ਦੂਜੇ ਰੂਟ ਅਤੇ ਤੀਜੇ ਰੂਟ ਦੀਆਂ ਸ਼ੋਭਾ ਯਾਤਰਾਵਾਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀਆਂ ਹੋਈਆਂ 3 ਦਸੰਬਰ ਨੂੰ ਖੁਰਾਲਗੜ੍ਹ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸੰਪੂਰਨ ਹੋਣਗੀਆਂ। ਇਨ੍ਹਾਂ ਸ਼ੋਭਾ ਯਾਤਰਾਵਾਂ ਦੇ ਸ਼ਾਨਦਾਰ ਸਵਾਗਤ ਅਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗ ਸਮੇਂ ਸਿਰ ਤਿਆਰੀਆਂ ਮੁਕੰਮਲ ਕਰਨ, ਇਹ ਹਦਾਇਤ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਦੂਜੇ ਰੂਟ ਦੀ ਸ਼ੋਭਾ ਯਾਤਰਾ 2 ਦਸੰਬਰ ਨੂੰ ਫਰੀਦਕੋਟ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ 3 ਦਸੰਬਰ ਨੂੰ ਫਗਵਾੜਾ ਰਾਹੀਂ ਜ਼ਿਲ੍ਹੇ ਵਿਚ ਦਾਖਲ ਹੋਵੇਗੀ। ਜ਼ਿਲ੍ਹੇ ਵਿਚ ਪ੍ਰਵੇਸ਼ ਕਰਨ ਤੇ ਪਿੰਡ ਮੇਹਲੀ ਵਿਖੇ ਮਾਰਬਲ ਰਿਜੌਰਟ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਹ ਯਾਤਰਾ ਬੰਗਾ, ਨਵਾਂਸ਼ਹਿਰ, ਚੰਡੀਗੜ੍ਹ ਚੌਕ, ਲੰਗੜੋਆ ਅਤੇ ਮੁਬਾਰਕਪੁਰ ਤੋਂ ਹੁੰਦੀ ਹੋਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵੱਲ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਤੀਜੇ ਰੂਟ ਦੀ ਸ਼ੋਭਾ ਯਾਤਰਾ 1 ਦਸੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ 3 ਦਸੰਬਰ ਨੂੰ ਰੂਪਨਗਰ ਬਾਈਪਾਸ ਰਾਹੀਂ ਜ਼ਿਲ੍ਹੇ ਦੇ ਬਲਾਚੌਰ ਵਿਚ ਦਾਖਲ ਹੋਵੇਗੀ। ਇਸ ਉਪਰੰਤ ਇਹ ਸ਼ੋਭਾ ਯਾਤਰਾ ਗੜ੍ਹਸ਼ੰਕਰ ਵੱਲ ਰਵਾਨਾ ਹੋਵੇਗੀ। ਇਸ ਯਾਤਰਾ ਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਸਵਾਗਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਕਿਹਾ ਕਿ ਸ਼ੋਭਾ ਯਾਤਰਾ ਦੇ ਰੂਟ ਵਿਚ ਆਉਣ ਵਾਲੀਆਂ ਸਾਰੀਆਂ ਮੀਟ, ਮੱਛੀ, ਬੀੜੀ ਸਿਗਰਟ ਦੀਆਂ ਦੁਕਾਨਾਂ 3 ਦਸੰਬਰ ਨੂੰ ਬੰਦ ਰਹਿਣਗੀਆਂ। ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਪੁਲਿਸ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ ਅਥਾਰਟੀ, ਮੰਡੀ ਬੋਰਡ, ਨਗਰ ਕੌਂਸਲਾਂ, ਸਿਹਤ ਵਿਭਾਗ, ਪੰਜਾਬ ਰਾਜ ਪਾਵਰਕਾਮ, ਡੀਡੀਪੀਓ, ਬੀਡੀਪੀਓਜ਼, ਜੰਗਲਾਤ, ਫਾਇਰ ਬ੍ਰਿਗੇਡ ਅਤੇ ਪਬਲਿਕ ਹੈਲਥ ਸਮੇਤ ਸਾਰੇ ਸੰਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਜ਼ਿੰਮੇਵਾਰੀਆਂ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੜਕਾਂ ਦੀ ਮੁਰੰਮਤ, ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ, ਬਿਜਲੀ ਦੀਆਂ ਲਟਕਦੀਆਂ ਤਾਰਾਂ ਦੀ ਮੁਰੰਮਤ, ਰੂਟ ਚ ਪੈਂਦੇ ਦਰਖਤਾਂ ਦੀ ਛੰਗਾਈ, ਸੁਰੱਖਿਆ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਰਵਿੰਦ ਕੁਮਾਰ, ਐਸਪੀ ਹਰਿੰਦਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਪਰਮਿੰਦਰ ਕੌਰ, ਐੱਸਡੀਐਮ ਨਵਾਂਸ਼ਹਿਰ ਕੁਲਦੀਪ ਚੰਦ, ਐੱਸਡੀਐਮ ਬੰਗਾ ਵਰੁਨ ਕੁਮਾਰ, ਐੱਸਡੀਐਮ ਬਲਾਚੌਰ ਕਰਨ ਗੁਪਤਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।