ਦਾਦੀ ਦੇ ਅੰਤਿਮ ਦਰਸ਼ਨਾਂ ਲਈ ਇਜਾਜ਼ਤ ਨਾ ਮਿਲਣਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਖੋਸਲਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਆਪਣੀ ਦਾਦੀ ਜੀ ਦੇ ਅੰਤਿਮ ਦਰਸ਼ਨਾਂ ਲਈ ਇਜਾਜ਼ਤ ਨਾ ਮਿਲਣਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ-ਐਡਵੋਕੇਟ ਪ੍ਰਵੇਸ਼ ਖੋਸਲਾ
Publish Date: Thu, 12 Nov 2026 05:49 PM (IST)
Updated Date: Thu, 12 Nov 2026 05:51 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਅਕਾਲੀ ਦਲ -ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਨੂੰ ਆਪਣੀ ਦਾਦੀ ਦੀਆਂ ਅੰਤਿਮ ਰਸਮਾਂ ਅਤੇ ਅੰਤਿਮ ਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਹੁਣ ਤੱਕ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਆਪਣੀ ਦਾਦੀ ਜੀ ਦੇ ਅੰਤਿਮ ਦਰਸ਼ਨਾਂ ਅਤੇ ਸੰਸਕਾਰ ਵਿਚ ਸ਼ਾਮਲ ਹੋਣਾ ਕੋਈ ਰਿਆਇਤ ਨਹੀਂ। ਸਗੋਂ ਬੁਨਿਆਦੀ ਮਨੁੱਖੀ ਅਧਿਕਾਰ ਹੈ। ਲੱਖਾਂ ਲੋਕਾਂ ਵੱਲੋਂ ਚੁਣੇ ਹੋਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਣੀ ਸਤਿਕਾਰਯੋਗ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸੰਸਕਾਰ ਲਈ ਪੈਰੋਲ ਦੇਣ ਵਿਚ ਆਨਾਕਾਨੀ ਕਰਨਾ ਜਾਂ ਰੋਕ ਲਗਾਉਣਾ ਸਾਫ਼ ਤੌਰ ਤੇ ਵਿਤਕਰੇ ਵਾਲੀ ਨੀਤੀ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਇੱਕ ਪਰਿਵਾਰਕ ਦੁੱਖ ਦੀ ਘੜੀ ਵਿਚ ਵੀ ਇਨਸਾਫ਼ ਅਤੇ ਮਨੁੱਖੀ ਕਦਰਾਂ-ਕੀਮਤਾਂ ਸਿੱਖਾਂ ਲਈ ਵੱਖਰੀਆਂ ਹਨ ? ਸਰਕਾਰਾਂ ਵੱਲੋਂ ਲਏ ਜਾਂਦੇ ਅਜਿਹੇ ਫੈਸਲੇ ਕੌਮ ਦੇ ਮਨਾਂ ਵਿਚ ਬੇਗਾਨਗੀ ਅਤੇ ਗੁਲਾਮੀ ਦਾ ਅਹਿਸਾਸ ਹੋਰ ਡੂੰਘਾ ਕਰਦੇ ਹਨ। ਅਦਾਲਤਾਂ ਅਤੇ ਸਰਕਾਰਾਂ ਨੂੰ ਤੁਰੰਤ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦਿਆਂ ਪੈਰੋਲ ਦੇਣੀ ਚਾਹੀਦਾ ਹੈ। ਐਡਵੋਕੇਟ ਖੋਸਲਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਪੈਰੋਲ ਮਿਲੇ।