ਜਮਹੂਰੀ ਅਧਿਕਾਰ ਸਭਾ ਵੱਲੋਂ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੇ ਜਬਰ ਦੀ ਨਿਖੇਧੀ ਜਮਹੂਰੀ ਅਧਿਕਾਰ ਸਭਾ ਵੱਲੋਂ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਜਬਰ ਦੀ ਨਿੰਦਾ
Publish Date: Sun, 04 Oct 2026 06:39 PM (IST)
Updated Date: Sun, 04 Oct 2026 06:41 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜਮਹੂਰੀ ਅਧਿਕਾਰ ਸਭਾ ਨੇ ਸ਼ਹੀਦ ਮਲਕੀਤ ਚੰਦ ਮੇਹਲੀ ਯਾਦਗਾਰ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਮੀਟਿੰਗ ਕਰ ਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਗੁਪਤਾ ਦੀ ਬਰਖਾਸਤਗੀ ਦੀ ਮੰਗ ਨੂੰ ਲੈਕੇ ਜੰਤਰ ਮੰਤਰ ਦਿੱਲੀ ਵਿਖੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਦਿੱਲੀ ਪੁਲਿਸ ਵੱਲੋਂ ਜਬਰੀ ਰੋਕਣ, ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈਣ ਅਤੇ ਉਨ੍ਹਾਂ ਉੱਤੇ ਤਸ਼ੱਦਦ ਢਾਹੁੰਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸਭਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਐਡਵੋਕੇਟ, ਜ਼ਿਲ੍ਹਾ ਸਕੱਤਰ ਜਸਬੀਰ ਦੀਪ ਅਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਉੱਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਗੁਪਤਾ ਨੇ ਨਾ ਮੁਆਫੀ ਯੋਗ ਅਪਰਾਧ ਕੀਤਾ ਹੈ। ਇਸ ਲਈ ਉਹ ਬਰਖਾਸਤਗੀ ਅਤੇ ਸਲਾਖਾਂ ਪਿੱਛੇ ਜਾਣ ਦਾ ਹੱਕਦਾਰ ਹੈ ਪਰ ਕੇਂਦਰ ਸਰਕਾਰ ਉਸ ਨੂੰ ਬਚਾਉਣ ਲਈ ਪੁਲਿਸ ਦਾ ਦੁਰਉਪਯੋਗ ਕਰ ਰਹੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਪਦ ਚਿੰਨ੍ਹਾਂ ਉੱਤੇ ਚਲਦਿਆਂ ਲੋਕ ਰੋਹ ਨੂੰ ਦਬਾਉਣ ਲਈ ਪੁਲਿਸ ਜਬਰ ਦਾ ਸਹਾਰਾ ਲੈ ਰਹੀ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਧਰਨਾਕਾਰੀ ਵਿਦਿਆਰਥੀਆਂ ਉੱਤੇ ਕੀਤਾ। ਪੁਲਿਸ ਜਬਰ ਅਤੇ ਸੰਗਰੂਰ ਵਿਖੇ ਨੌਜਵਾਨ ਸਨਮਦੀਪ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹਮਾਇਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਕੇ ਮ੍ਰਿਤਕ ਦੀ ਲਾਸ਼ ਦਾ ਧੱਕੇ ਨਾਲ ਸਸਕਾਰ ਕਰਨ ਦੀ ਆਗੂਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਮੀਟਿੰਗ ਵਿਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਕੈਨੇਡਾ ਤੋਂ ਛੱਪਦੇ ਪੰਜਾਬੀ ਮੈਗਜ਼ੀਨ ‘ਸਰੋਕਾਰਾਂ ਦੀ ਆਵਾਜ਼’ ਦੇ ਸੰਪਾਦਕ ਹਰਬੰਸ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਆਗੂਆਂ ਨੇ ਕਿਹਾ ਕਿ ਹਰਬੰਸ ਸਿੰਘ ਨੇ ਸਾਰੀ ਉਮਰ ਲੋਕ ਹਿੱਤਾਂ ਤੇ ਪਹਿਰਾ ਦਿੱਤਾ।