ਕਮਲਜੀਤ ਸਾਜਨ 'ਤੇ ਹੋਏ ਹਮਲੇ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਮਲਜੀਤ ਸਾਜਨ 'ਤੇ ਹੋਏ ਹਮਲੇ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ
Publish Date: Mon, 31 Aug 2026 06:54 PM (IST)
Updated Date: Mon, 31 Aug 2026 06:55 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਿੰਡ ਔੜ ਦੇ ਨਸ਼ਾ ਤਸਕਰਾਂ ਖਿਲਾਫ ਧਰਨੇ ਤੇ ਬੈਠੇ ਕਮਲਜੀਤ ਸਾਜਨ ਉੱਪਰ ਕਥਿਤ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੋਧ ਅਤੇ ਪਿੰਡ ਵਿਚ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਅੱਜ ਸੀਪੀਆਈ (ਐੱਮਐੱਲ) ਨਿਊ ਡੈਮੋਕਰੈਸੀ ਦੀ ਅਗਵਾਈ ਹੇਠ ਪਿੰਡ ਔੜ ਵਿਖੇ ਮੀਟਿੰਗ ਕੀਤੀ। ਜਿਸ ਦੌਰਾਨ ਇਲਾਕੇ ਦੇ ਲੋਕਾਂ, ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਪਾਰਟੀ ਆਗੂਆਂ ਨੇ ਸ਼ਮੂਲੀਅਤ ਕੀਤੀ। ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵੋਕੇਟ, ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ, ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ 19 ਅਗਸਤ ਰਾਤ ਨੂੰ ਧਰਨੇ ਤੇ ਬੈਠੇ ਕਮਲਜੀਤ ਸਾਜਨ ਉੱਪਰ ਹਮਲਾ ਕਰਕੇ ਉਸ ਦੀਆਂ ਲੱਤਾਂ ਅਤੇ ਬਾਹਾਂ ਤੋੜ ਦਿੱਤੀਆਂ ਗਈਆਂ।।ਉਨ੍ਹਾਂ ਕਿਹਾ ਕਿ ਇਸ ਗੰਭੀਰ ਘਟਨਾ ਦੇ ਬਾਵਜੂਦ ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਅਜੇ ਤੱਕ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਰੋਸ ਹੈ। ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਦਾ ਫੈਲਾਅ ਸਿਰਫ਼ ਨੌਜਵਾਨਾਂ ਦੀ ਜ਼ਿੰਦਗੀ ਨੂੰ ਤਬਾਹ ਨਹੀਂ ਕਰ ਰਿਹਾ, ਸਗੋਂ ਇਸ ਨਾਲ ਪਿੰਡਾਂ ਦੇ ਸਮਾਜਿਕ ਮਾਹੌਲ ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਮਲਜੀਤ ਸਾਜਨ ਤੇ ਹਮਲੇ ਦੇ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਔੜ ਵਿਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਸਿਰਫ਼ ਸਰਕਾਰੀ ਦਾਅਵਿਆਂ ਨਾਲ ਨਹੀਂ, ਸਗੋਂ ਲੋਕਾਂ ਦੀ ਜਥੇਬੰਦਕ ਤਾਕਤ ਨਾਲ ਪ੍ਰਭਾਵਸ਼ਾਲੀ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿਰੁੱਧ ਇਲਾਕਾ ਪੱਧਰ ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਔੜ ਅਤੇ ਆਸ-ਪਾਸ ਦੇ ਇਲਾਕੇ ਵਿਚ ਨਸ਼ਿਆਂ ਦੇ ਖ਼ਿਲਾਫ਼ ਇੱਕ ਵੱਡਾ ਲੋਕ ਅੰਦੋਲਨ ਖੜ੍ਹਾ ਕੀਤਾ ਜਾਵੇਗਾ। ਮੀਟਿੰਗ ਵਿਚ 18 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਵਿਚ ਨਸ਼ਾ ਤਸਕਰੀ ਵਿਰੁੱਧ ਅਤੇ ਕਮਲਜੀਤ ਸਾਜਨ ਦੇ ਹਮਲਾਵਰਾਂ ਵਿਰੁੱਧ ਕਾਰਵਾਈ ਕਰਾਉਣ ਲਈ ਸੰਘਰਸ਼ ਲੜਿਆ ਜਾਵੇਗਾ। ਕਮਲਜੀਤ ਸਾਜਨ ਦੇ ਮਾਮਲੇ ਵਿਚ 3 ਸਤੰਬਰ ਨੂੰ ਐੱਸਐਸਪੀ ਨੂੰ ਇਕ ਵਫਦ ਮਿਲੇਗਾ ਅਤੇ ਕਥਿਤ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰੇਗਾ। ਮੀਟਿੰਗ ਚ ਦਲਜੀਤ ਸਿੰਘ ਐਡਵੋਕੇਟ, ਮੋਹਨ ਸਿੰਘ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ ਵੜੈਚ, ਕਸ਼ਮੀਰਾ ਸਿੰਘ ਬੇਗੋਵਾਲ, ਸੁਖਦੇਵ ਸਿੰਘ ਗਰਚਾ, ਸੁਰਿੰਦਰ ਸਿੰਘ ਮਹਿਰਮਪੁਰ, ਨਿਰਮਲ ਸਿੰਘ, ਕਮਲਜੀਤ ਸਾਜਨ, ਪਰਸ਼ੋਤਮ ਸ਼ੋਤੀ, ਮਨੋਹਰ ਲਾਲ ਮੱਲਾ ਬੇਦੀਆਂ, ਅਮਰਜੀਤ ਸਿੰਘ ਗੜੁਪੜ, ਬੂਟਾ ਸਿੰਘ ਮਹਿਮੂਦਪੁਰ, ਕ੍ਰਿਸ਼ਨ ਕੁਮਾਰ ਬੇਗੋਵਾਲ, ਸ਼ਵਿੰਦਰ ਸਿੰਘ ਔੜ, ਕਮਲਜੀਤ ਸਰਪੰਚ ਔੜ ਅਤੇ ਹਰਪਾਲ ਸਿੰਘ ਜਗਤਪੁਰ ਇਸ ਕਮੇਟੀ ਦੇ ਮੈਂਬਰ ਬਣੇ। ਇਸ ਮੌਕੇ ਹਰਪਾਲ ਸਿੰਘ ਜਗਤਪੁਰ, ਸ਼ਕੁੰਤਲਾ ਸਰੋਏ, ਹਰੀ ਰਾਮ ਰਸੂਲਪੁਰੀ ਨੇ ਵੀ ਵਿਚਾਰ ਪ੍ਰਗਟ ਕੀਤੇ।