ਜਬਰ-ਜਨਾਹ ਕਰਨ ਵਾਲੇ ਖਿਲਾਫ਼ ਕਾਰਵਾਈ ਦੀ ਮੰਗ 20 ਸਾਲਾ ਕੁੜੀ ਨਾਲ ਜਬਰ ਜਿਨਾਹ ਕਰਨ ਵਾਲੇ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
Publish Date: Mon, 09 Nov 2026 06:13 PM (IST)
Updated Date: Tue, 10 Nov 2026 04:06 AM (IST)
ਕੋਤਾਹੀ ਵਰਤਣ ਵਾਲੇ ਅਫ਼ਸਰਾਂ ਨੂੰ ਸਸਪੈਂਡ ਕਰ ਕੇ ਵਿਭਾਗੀ ਕਾਰਵਾਈ ਕੀਤੀ ਜਾਵੇ : ਅਜੈ ਮੰਗੂਪੁਰ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਥਾਣਾ ਕਾਠਗੜ੍ਹ ਦੇ ਅਧੀਨ ਆਉਂਦੇ ਇਲਾਕੇ ਦੇ ਇਕ ਨੌਜਵਾਨ ਵੱਲੋਂ ਇਕ ਘਰ ਦੀ ਦੀਵਾਰ ਟੱਪ ਕੇ ਝਾੜੂ ਨਾਲ ਸਫਾਈ ਕਰ ਰਹੀ ਇਕ 20 ਸਾਲਾ ਲੜਕੀ ਨਾਲ ਹੱਥੋਪਾਈ ਕਰਦਿਆਂ ਉਸ ਦੇ ਕੱਪੜੇ ਫਾੜ ਕੇ ਕਥਿਤ ਤੌਰ ਜਬਰ ਜਿਨਾਹ ਕਰਨ ਅਤੇ ਉਸ ਦੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਬਦਨਾਮੀ ਕਰਨ ਵਾਲੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਪੀੜਿਤ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਜੋ ਕਿ 12ਵੀਂ ਕਲਾਸ ਤੱਕ ਪੜ੍ਹੀ ਹੈ ਤੇ ਇਕ ਨਿੱਜੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੀ ਹੈ। ਅੱਜ ਆਪਣੇ ਘਰ ਵਿਚ ਸਾਫ ਸਫਾਈ ਕਰ ਰਹੀ ਸੀ ਤਾਂ ਕੰਧ ਟੱਪ ਤੇ ਘਰ ਅੰਦਰ ਵੜੇ ਨੌਜਵਾਨ ਨੇ ਲੜਕੀ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਦਿਆਂ ਉਸ ਦੇ ਕੱਪੜੇ ਪਾੜੇ, ਉਸ ਨਾਲ ਕਥਿਤ ਤੌਰ ਤੇ ਜਬਰ ਜਨਾਹ ਤੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਲੜਕੀ ਘਰ ਵਿਚ ਇਕੱਲੀ ਸੀ। ਜਦਕਿ ਉਸ ਦੀ ਮਾਂ ਆਪਣੀ ਰਿਸ਼ਤੇਦਾਰੀ ਵਿਚ ਗਈ ਹੋਈ ਸੀ ਅਤੇ ਲੜਕੀ ਦਾ ਪਿਤਾ ਅਤੇ ਭਰਾ ਆਪਣੇ ਕੰਮਕਾਰ ਤੇ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਕੋਈ ਵੀ ਪੁਲਿਸ ਅਫ਼ਸਰ ਮੌਕਾ ਦੇਖਣ ਜਾਂ ਪੀੜਿਤਾ ਦੇ ਬਿਆਨ ਲੈਣ ਲਈ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਦੇਣ ਤੇ ਉਨ੍ਹਾਂ ਇਸ ਮਾਮਲੇ ਵਿਚ ਪਹਿਲਾ ਕੂੜੀ ਨੂੰ ਹਸਪਤਾਲ ਦਾਖਲ ਕਰਵਾਉਣ ਅਤੇ ਇਲਾਜ ਕਰਵਾਉਣ ਦੀ ਗੱਲ ਆਖੀ। ਪਰ ਉਥੇ ਵੀ ਇਲਾਜ ਸ਼ੁਰੂ ਕਰਨ ਤੋਂ ਪਹਿਲਾ ਪੁਲਿਸ ਦੇ ਬਿਆਨ ਲੈਣ ਦੀ ਗੱਲ ਆਖਣ ਤੇ ਪੀੜਿਤ ਪਰਿਵਾਰ ਦੀਆਂ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ। ਉਧਰ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਸਿਵਲ ਹਸਪਤਾਲ ਬਲਾਚੌਰ ਪੁੱਜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਕਾਠਗੜ੍ਹ ਹਲਕੇ ਵਿਚ ਇਕ ਲੜਕੀ ਨਾਲ ਵਾਪਰੀ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਬਹੁਤ ਹੀ ਸ਼ਰਮਨਾਕ ਕਾਰਾ ਹੈ ਪਰ ਇਸ ਮਾਮਲੇ ਵਿਚ ਪੁਲਿਸ ਅਤੇ ਸਿਹਤ ਅਫ਼ਸਰਾਂ ਵੱਲੋਂ ਯੋਗ ਕਾਰਵਾਈ ਨਾ ਕਰਨ ਦੀ ਘੋਰ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਬਲਾਚੌਰ ਦੀ ਮਹਿਲਾ ਵਿਧਾਇਕਾ ਹੋਣ ਦੇ ਬਾਵਜੂਦ ਵੀ ਪੀੜਿਤਾ ਨੂੰ ਇਨਸਾਫ ਨਾ ਮਿਲਣਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਕੇ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਐੱਸਐੱਸਪੀ ਤੁਸ਼ਾਰ ਗੁਪਤਾ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮੌਕੇ ਤੇ ਪੁਲਿਸ ਅਫ਼ਸਰਾਂ ਵੱਲੋਂ ਬਿਆਨ ਦਰਜ਼ ਕਰਕੇ ਕਾਰਵਾਈ ਕਰਨ ਅਤੇ ਪੀੜਿਤ ਨੂੰ ਗ੍ਰਿਫਤਾਰ ਕਰਕੇ ਬਣਦਾ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਕੰਮ ਵਿਚ ਕੋਤਾਹੀ ਵਰਤਣ ਵਾਲੇ ਅਫ਼ਸਰਾਂ ਨੂੰ ਸਸਪੈਂਡ ਕਰਕੇ ਬਣਦੀ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ।