ਸਟ੍ਰੋਕ ਦੇ ਲੱਛਣ ਪਛਾਣਨ 'ਚ ਦੇਰੀ ਹੋ ਸਕਦੀ ਹੈ ਜਾਨਲੇਵਾ : ਐੱਸਐੱਮਓ ਸਟ੍ਰੋਕ ਦੇ ਲੱਛਣ ਪਛਾਣਨ 'ਚ ਦੇਰੀ ਹੋ ਸਕਦੀ ਹੈ ਜਾਨਲੇਵਾ: ਐੱਸਐੱਮਓ ਡਾ. ਅਜੇ ਬਸਰਾ
Publish Date: Fri, 30 Oct 2026 04:04 PM (IST)
Updated Date: Fri, 30 Oct 2026 04:04 PM (IST)
ਵਿਸ਼ਵ ਸਟ੍ਰੋਕ ਦਿਵਸ ਤੇ ਜ਼ਿਲ੍ਹਾ ਹਸਪਤਾਲ ਵਿਖੇ ਲੋਕਾਂ ਨੂੰ ਕੀਤਾ ਜਾਗਰੂਕ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਬਸਰਾ ਦੀ ਅਗਵਾਈ ਹੇਠ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸਟ੍ਰੋਕ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ, ਬਚਾਅ ਅਤੇ ਤੁਰੰਤ ਇਲਾਜ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਡਾ. ਅਜੇ ਬਸਰਾ ਨੇ ਦੱਸਿਆ ਕਿ ਸਟ੍ਰੋਕ (ਦਿਮਾਗੀ ਦੌਰਾ) ਇੱਕ ਗੰਭੀਰ ਮੈਡੀਕਲ ਐਮਰਜੈਂਸੀ ਹੈ। ਇਸ ਵਿਚ ਦਿਮਾਗ ਦੇ ਕਿਸੇ ਹਿੱਸੇ ਤੱਕ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਖੂਨ ਦੀ ਨਾੜੀ ਫਟਣ ਨਾਲ ਦਿਮਾਗ ਵਿੱਚ ਖੂਨ ਵਗਣ ਲੱਗਦਾ ਹੈ। ਅਜਿਹੀ ਹਾਲਤ ਵਿਚ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਇਲਾਜ ਵਿਚ ਦੇਰੀ ਮਰੀਜ਼ ਨੂੰ ਸਥਾਈ ਅਪੰਗਤਾ ਜਾਂ ਜਾਨ ਦੇ ਖ਼ਤਰੇ ਵਿੱਚ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚਿਹਰੇ ਦਾ ਇੱਕ ਪਾਸਾ ਲਟਕਣਾ, ਬਾਂਹ ਜਾਂ ਲੱਤ ਵਿੱਚ ਅਚਾਨਕ ਕਮਜ਼ੋਰੀ ਜਾਂ ਸੁੰਨ ਹੋਣਾ, ਬੋਲਣ ਜਾਂ ਗੱਲ ਸਮਝਣ ਵਿੱਚ ਮੁਸ਼ਕਲ, ਅਚਾਨਕ ਨਜ਼ਰ ਘਟਣਾ, ਸੰਤੁਲਨ ਵਿਗੜਨਾ ਅਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਅਚਾਨਕ ਤੇਜ਼ ਸਿਰਦਰਦ ਹੋਣਾ ਸਟ੍ਰੋਕ ਦੇ ਮੁੱਖ ਲੱਛਣ ਹਨ। ਕਿਸੇ ਵਿੱਚ ਵੀ ਅਜਿਹੇ ਲੱਛਣ ਨਜ਼ਰ ਆਉਣ ਤੇ ਬਿਨਾਂ ਦੇਰੀ ਐਮਰਜੈਂਸੀ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ। ਮਰੀਜ਼ ਨੂੰ ਖ਼ੁਦ ਗੱਡੀ ਚਲਾ ਕੇ ਜਾਣ ਦੀ ਬਜਾਏ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਾਵੇ। ਡਾ. ਬਸਰਾ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵਧਿਆ ਕੋਲੈਸਟ੍ਰੋਲ, ਸਿਗਰਟਨੋਸ਼ੀ, ਸਰੀਰਕ ਗਤੀਵਿਧੀ ਦੀ ਘਾਟ, ਮੋਟਾਪਾ ਅਤੇ ਗ਼ੈਰ-ਸਿਹਤਮੰਦ ਖੁਰਾਕ ਸਟ੍ਰੋਕ ਦਾ ਖ਼ਤਰਾ ਵਧਾਉਂਦੇ ਹਨ। ਬਚਾਅ ਲਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਨੂੰ ਕਾਬੂ ਵਿੱਚ ਰੱਖਣਾ, ਸੰਤੁਲਿਤ ਖੁਰਾਕ ਲੈਣਾ, ਨਿਯਮਿਤ ਕਸਰਤ ਕਰਨਾ, ਤੰਬਾਕੂ ਤੋਂ ਦੂਰ ਰਹਿਣਾ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਲੈਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਟ੍ਰੋਕ ਦੇ ਲੱਛਣਾਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਘਰੇਲੂ ਇਲਾਜ ਜਾਂ ਲੱਛਣ ਆਪਣੇ-ਆਪ ਠੀਕ ਹੋਣ ਦੀ ਉਡੀਕ ਵਿੱਚ ਕੀਮਤੀ ਸਮਾਂ ਨਾ ਗੁਆਇਆ ਜਾਵੇ। ਸਹੀ ਸਮੇਂ ਤੇ ਹਸਪਤਾਲ ਪਹੁੰਚਣ ਨਾਲ ਮਰੀਜ਼ ਦੇ ਇਲਾਜ ਅਤੇ ਸਿਹਤਯਾਬੀ ਦੀਆਂ ਸੰਭਾਵਨਾਵਾਂ ਕਾਫ਼ੀ ਬਿਹਤਰ ਹੋ ਸਕਦੀਆਂ ਹਨ।