- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਿੰਦਰ ਸੈਣੀ, ਪੰਜਾਬੀ ਜਾਗਰਣ

ਨਰਿੰਦਰ ਸੈਣੀ, ਪੰਜਾਬੀ ਜਾਗਰਣ
ਸ੍ਰੀ ਕੀਰਤਪੁਰ ਸਾਹਿਬ : ਪੁਲਿਸ ਪ੍ਰਸ਼ਾਸਨ ਦੇ ਸਖਤ ਕਦਮ ਚੁੱਕਣ ਤੋਂ ਬਾਅਦ ਵੀ ਨੌਜਵਾਨਾਂ ਦਾ ਲੌਹੰਡ ਖੱਡ ਵਿੱਚ ਨਹਾਉਣਾ ਰੁਕ ਨਹੀਂ ਰਿਹਾ। ਹਰ ਸਾਲ ਗਰਮੀ ਦੇ ਮੌਸਮ ਵਿੱਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜਨ ਕਰ ਕੇ ਨੌਜਵਾਨਾਂ ਦੀ ਮੌਤ ਹੋ ਰਹੀ ਸੀ ਇਸ ਸਾਲ ਵੀ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਬਾਹਰੋਂ ਆਏ ਕਈ ਸੈਲਾਨੀ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਸ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਕਰਦੇ ਹੋਏ ਦਰਿਆ ਦੇ ਨਜ਼ਦੀਕ ਕੰਡਾ ਤਾਰ ਲਗਾਈ ਗਈ ਸਖਤ ਚਿਤਾਵਨੀ ਬੋਰਡ ਲਗਾਏ ਗਏ, ਨਹਾਉਣ ਲਈ ਰੁਕੇ ਹੋਏ ਨੌਜਵਾਨਾਂ ਦੇ ਵਾਹਨਾਂ ਦੇ ਚਾਲਾਨ ਵੀ ਕੀਤੇ ਗਏ ਅਤੇ ਪੁਲਿਸ ਵੱਲੋਂ ਨੌਜਵਾਨਾਂ ’ਤੇ ਸਖਤ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਚਿਤਾਵਨੀ ਵੀ ਦਿੱਤੀ ਗਈ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਬਾਹਰੋਂ ਆਏ ਨੌਜਵਾਨ ਨਹਾਉਣ ਲੱਗ ਜਾਂਦੇ ਹਨ। ਪੁਲਿਸ ਵੱਲੋਂ ਸਮੇਂ-ਸਮੇਂ ਦੌਰਾਨ ਲੌਹੰਡ ਖੱਡ ਵਿੱਚ ਗਸ਼ਤ ਵੀ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਜਾਣ ਤੋਂ ਬਾਅਦ ਫਿਰ ਨੌਜਵਾਨ ਨਹਾਉਣ ਲੱਗ ਜਾਂਦੇ ਹਨ। ਅੱਜ ਫਿਰ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਦੁਪਹਿਰ ਗਰਮੀ ਸਮੇਂ ਚੰਡੀਗੜ੍ਹ ਤੋਂ ਆਏ ਕੁਝ ਨੌਜਵਾਨ ਲੌਹੰਡ ਖੱਡ ਵਿੱਚ ਨਹਾਉਣ ਲੱਗ ਪਏ, ਜਦੋਂਕਿ ਉਨ੍ਹਾਂ ਨੂੰ ਪਾਣੀ ਦੀ ਗਹਿਰਾਈ ਅਤੇ ਤੇਜ਼ ਵਹਾਅ ਦਾ ਅੰਦਾਜ਼ਾ ਨਹੀਂ। ਇਸ ਦੌਰਾਨ ਇੱਕ ਨੌਜਵਾਨ ਪਾਣੀ ਦੇ ਕੁਝ ਅੱਗੇ ਚਲਾ ਗਿਆ ਅਤੇ ਮੁੜ ਵਾਪਸ ਕਿਨਾਰੇ ’ਤੇ ਨਹੀਂ ਪਰਤ ਸਕਿਆ। ਸਿੱਟੇ ਵਜੋਂ ਪਾਣੀ ਆਪਣੇ ਤੇਜ਼ ਵਹਾਅ ਵਿੱਚ ਨੌਜਵਾਨ ਨੂੰ ਰੋੜ ਕੇ ਲੈ ਗਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਚੰਡੀਗੜ੍ਹ ਤੋਂ ਆਪਣੇ ਦੋ ਦੋਸਤਾਂ ਨਾਲ ਮਾਤਾ ਸ਼੍ਰੀ ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਆਏ ਸਨ ਅਤੇ ਵਾਪਸ ਜਾਣ ਸਮੇਂ ਲੌਹਡ ਖੱਡ ਨਹਾਉਣ ਲੱਗ ਪਏ। ਮਰਨ ਵਾਲੇ ਨੌਜਵਾਨ ਦੀ ਪਛਾਣ ਅਭਿਸ਼ੇਕ ਉਮਰ 20 ਸਾਲ ਪੁੱਤਰ ਰਵਿੰਦਰ ਕੁਮਾਰ ਵਾਸੀ ਚੰਡੀਗੜ੍ਹ ਦੇ ਤੌਰ ’ਤੇ ਹੋਈ ਹੈ। ਨੌਜਵਾਨ ਦੇ ਦੋਸਤਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਪਹੁੰਚ ਗਈ ਸੀ। ਪੁਲਿਸ ਵੱਲੋਂ ਉਕਤ ਨੌਜਵਾਨ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਉਕਤ ਨੌਜਵਾਨ ਦੀ ਮ੍ਰਿਤਕ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ। ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪੁਲਿਸ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਜਗ੍ਹਾ ’ਤੇ ਨਹਾਉਣ ਲਈ ਨੌਜਵਾਨਾਂ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਵਾਪਰੇ।