ਪੀਣ ਵਾਲਾ ਪਾਣੀ ਆ ਰਿਹਾ ਗੰਦਾ, ਲੋਕ ਪਰੇਸ਼ਾਨ ਬੂਥਗੜ੍ਹ 'ਚ ਦੂਸ਼ਿਤ ਪਾਣੀ ਦੀ ਸਪਲਾਈ ਬਰਕਰਾਰ, ਲੋਕ ਪਰੇਸ਼ਾਨ
Publish Date: Tue, 06 Oct 2026 03:57 PM (IST)
Updated Date: Tue, 06 Oct 2026 03:59 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਪਿੰਡ ਬੂਥਗੜ੍ਹ ਬਲਾਕ ਸੜੋਆ ਤਹਿਸੀਲ ਬਲਾਚੌਰ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਹਾਲੇ ਤੱਕ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੀ। ਪੀੜਤ ਪਰਿਵਾਰਾਂ ਵੱਲੋਂ ਗੰਦੇ ਤੇ ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਲੋਕਾਂ ਨੂੰ ਅਜੇ ਤੱਕ ਕੋਈ ਠੋਸ ਰਾਹਤ ਨਹੀਂ ਮਿਲੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸਾਫ਼ ਪੀਣ ਵਾਲੇ ਪਾਣੀ ਦੀ ਘਾਟ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੇ ਨਾਲ-ਨਾਲ ਪਸ਼ੂਆਂ ਲਈ ਵੀ ਬਾਹਰੋਂ ਪਾਣੀ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਸਥਿਤੀ ਇਹ ਬਣ ਗਈ ਹੈ ਕਿ ਕਈ ਪਰਿਵਾਰ ਪੈਸੇ ਦੇ ਕੇ ਪਾਣੀ ਦੇ ਟੈਂਕਰ ਮੰਗਵਾ ਰਹੇ ਹਨ। ਇਸ ਪਾਣੀ ਦੀ ਵਰਤੋਂ ਪੀਣ ਅਤੇ ਪਸ਼ੂਆਂ ਲਈ ਕੀਤੀ ਜਾ ਰਹੀ ਹੈ। ਗਰੀਬ ਅਤੇ ਮਜ਼ਦੂਰ ਪਰਿਵਾਰਾਂ ਲਈ ਇਹ ਵਾਧੂ ਆਰਥਿਕ ਬੋਝ ਬਣ ਗਿਆ ਹੈ। ਪਿੰਡ ਵਾਸੀ ਧਰਮ ਚੰਦ, ਹੁਸਨ ਚੰਦ, ਹੈਪੀ ਭੂੰਬਲਾ ਅਤੇ ਰਾਮਸਾਹ ਨੇ ਮੰਗ ਕੀਤੀ ਹੈ ਕਿ ਪਾਣੀ ਦੇ ਨਮੂਨੇ ਤੁਰੰਤ ਲੈ ਕੇ ਜਾਂਚ ਕਰਵਾਈ ਜਾਵੇ।।ਇਸ ਦੇ ਨਾਲ ਹੀ ਦੂਸ਼ਿਤ ਪਾਣੀ ਦੇ ਕਾਰਨਾਂ ਦਾ ਪਤਾ ਲਗਾ ਕੇ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਲੋਕਾਂ ਨੂੰ ਨਿਯਮਤ ਤੌਰ ਤੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਅਤੇ ਅਪੀਲਾਂ ਕਰਨ ਦੇ ਬਾਵਜੂਦ ਜੇ ਲੋਕਾਂ ਨੂੰ ਆਪਣੀ ਜੇਬ ਵਿਚੋਂ ਪਾਣੀ ਖਰੀਦਣਾ ਪੈ ਰਿਹਾ ਹੈ। ਤਾਂ ਇਹ ਪਿੰਡ ਦੀ ਪਾਣੀ ਸਪਲਾਈ ਪ੍ਰਣਾਲੀ ਸੰਬੰਧੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਗੰਦੇ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ, ਪਾਣੀ ਦੇ ਨਮੂਨਿਆਂ ਦੀ ਜਾਂਚ, ਨਿਯਮਿਤ ਸਾਫ਼ ਪਾਣੀ ਦੀ ਸਪਲਾਈ ਅਤੇ ਅਣ-ਅਧਿਕਾਰਤ ਕੁਨੈਕਸ਼ਨਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ।