- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
51.70 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਨਿਰਮਾਣ ਜਾਰੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 51.70 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਕੰਪਲੈਕਸ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਡਿਜੀਟਲ ਲਾਇਬ੍ਰੇਰੀ, ਆਡੀਟੋਰੀਅਮ, ਗੈਸਟ ਹਾਊਸ, ਟੂਰਿਸਟ ਫੈਲੀਟੇਸ਼ਨ ਸੈਂਟਰ, ਕੋਰਟ ਰੂਮ, ਡਿਜੀਟਲ ਫੁਹਾਰਾ, 4 ਮੈਮੋਰੀਅਲ ਗੇਟ, ਪਾਰਕਿੰਗ ਆਦਿ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਹ ਸ਼ਾਨਦਾਰ ਪ੍ਰਾਜੈਕਟ ਮੁਕੰਮਲ ਹੋਣ ਨਾਲ ਲੋਕ ਸ਼ਹੀਦ ਭਗਤ ਸਿੰਘ ਦੀ ਜੀਵਨੀ, ਕਾਰਗੁਜ਼ਾਰੀ, ਦੇਸ਼ ਦੀ ਆਜ਼ਾਦੀ ਸੰਗਰਾਮ ਅਤੇ ਸ਼ਹਾਦਤ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਨੂੰ ਜੀਵੰਤ ਦੇਖ ਸਕਣਗੇ। ਇਸੇ ਸੋਚ ਦੀ ਧਾਰਣੀ ਪੰਜਾਬ ਸਰਕਾਰ ਸ਼ਹੀਦਾਂ ਅਤੇ ਸ਼ਹੀਦ ਦੇ ਪਰਿਵਾਰਾਂ ਦਾ ਪੂਰਾ ਮਾਣ ਸਤਿਕਾਰ ਕਰਨ ਲਈ ਵਚਨਬੱਧਤਾ ਤਹਿਤ ਕੰਮ ਕਰ ਰਹੀ ਹੈ। ਕਿਉਂਕਿ ਆਪ ਸਰਕਾਰ ਦਾ ਮੰਨਣਾ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਕਰ ਕੇ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਮਿਲ ਜੁਲ ਕੇ ਦੇਸ਼ ਦੀ ਉੱਨਤੀ ਵਿਚ ਸਾਥ ਦੇਣਾ ਚਾਹੀਦਾ ਹੈ ਅਤੇ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਵੀ ਹਮੇਸ਼ਾ ਯਾਦ ਰੱਖਣ ਚਾਹੀਦਾ ਹੈ। ਆਪ ਸਰਕਾਰ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਨਸ਼ਿਆਂ ਵਿਰੁੱਧ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜੰਗ ਵਿਚ ਆਪ ਸਰਕਾਰ ਦਾ ਸਾਥ ਦੇਣ। ਤਾਂ ਜੋ ਸ਼ਹੀਦਾਂ ਦੇ ਵਾਰਸ ਹੋਣ ਦੇ ਨਾਤੇ ਅਸੀਂ ਇੱਕ ਮਜ਼ਬੂਤ ਅਤੇ ਖੁਸ਼ਹਾਲ ਪੰਜਾਬ ਦਾ ਨਿਰਮਾਣ ਕਰ ਸਕੀਏ।
- 51 ਕਰੋੜ ਦੀ ਲਾਗਤ ਨਾਲ ਚੱਲ ਰਹੇ ਕਾਰਜਾਂ ਨੂੰ ਕੀਤਾ ਜਾਵੇਗਾ ਲੋਕ ਅਪਰਣ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਸਾਰੇ ਦੇਸ਼ ਵਿਚ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ ਪਰ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੱਲ ਰਹੇ ਉਸਾਰੀ ਦੇ ਕੰਮਾਂ ਨੂੰ ਦੇਖਦਿਆਂ ਇਸ ਵਾਰ ਸੂਬਾ ਪੱਧਰੀ ਸਮਾਗਮ ਕਰਨ ਦੀ ਥਾਂ ਮੁੱਖ ਮੰਤਰੀ, ਕੈਬਨਿਟ ਮੰਤਰੀ, ਆਗੂਆਂ ਜਾਂ ਵਲੰਟੀਅਰਾਂ ਜਾਂ ਪ੍ਰਸ਼ਾਸਨਿਕ ਅਫ਼ਸਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਮੂਰਤੀ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਇੱਥੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਵੀ ਲਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 51 ਕਰੋੜ ਦੀ ਲਾਗਤ ਨਾਲ ਚੱਲ ਰਹੇ ਕਾਰਜਾਂ ਤਹਿਤ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਘਰ, ਪਾਰਕ ਅਤੇ ਆਸ-ਪਾਸ ਦੇ ਇਲਾਕੇ ਨੂੰ ਤਿੰਰਗਾ ਰੋਸ਼ਨੀ ਵਿਚ ਸਜਾਉਣ, 3ਡੀ ਪੇਂਟਿੰਗ ਅਤੇ ਮੂਰਤੀਆਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਤਾਂ ਜੋ ਇੱਥੇ ਆਉਣ ਵਾਲੇ ਲੋਕ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਨਾਲ ਜੁੜ ਸਕਣ। ਉਸਾਰੀ ਕਾਰਜਾਂ ਦੇ ਇੰਚਾਰਜ ਰਾਮ ਰਤਨ ਨੇ ਦੱਸਿਆ ਕਿ ਤਕਨੀਕੀ ਟੀਮਾਂ ਵੱਲੋਂ ਸੰਦਰ ਲਾਈਟਿੰਗ ਨਾਲ ਸਜਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਰੈਨੋਵੇਸ਼ਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਭਗਤ ਸਿੰਘ ਦਾ ਬਚਪਨ, ਸਿੱਖਿਆ, ਅਸੈਂਬਲੀ ਬਮ ਕਾਂਡ ਅਤੇ ਜੀਵਨ ਦੇ ਹੋਰਨਾਂ ਪ੍ਰਸੰਗਾਂ ਨੂੰ ਦਰਸ਼ਾਉਣ ਦੇ ਉਪਰਾਲੇ ਕੀਤੇ ਜਾਣਗੇ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 1900 ਈਸਵੀ ਦੇ ਪੰਜਾਬ ਨੂੰ ਜੀਵੰਤ ਰੂਪ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 51 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਪ੍ਰੋਜੈਕਟ ਨੂੰ ਲੋਕ ਅਰਪਣ ਕੀਤਾ ਜਾਵੇਗਾ। ਇਸੇ ਤਹਿਤ ਸ਼ਹੀਦ ਦੇ ਜੀਵਨ ’ਤੇ ਆਧਾਰਿਤ ਹੈਰੀਟੇਜ ਸਟਰੀਟ ਦੀ ਉਸਾਰੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2028 ਵਿਚ ਪੌਣੇ ਤਿੰਨ ਏਕੜ ਜ਼ਮੀਨ ਵਿਚ ਇਕ ਵੱਡਾ ਮਿਊਜ਼ੀਅਮ ਉਸਾਰਿਆ ਗਿਆ ਸੀ। 2025 ਵਿਚ ਆਪ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦਾ 70 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ 1907 ਤੋਂ ਲੈ ਕੇ 1931 ਤੱਕ ਦੀਆਂ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਵਾਉਣ ਲਈ ਹੈਰੀਟੇਜ ਸਟਰੀਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਿਚ ਪੰਚਾਇਤੀ ਥੜਾ, ਪੁਰਾਣਾ ਤਲਾਬ, ਘੁਮਿਆਰ ਦਾ ਘਰ, ਕਿਸਾਨ ਦਾ ਘਰ ਵੀ ਤਿਆਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ 23 ਮਾਰਚ 1931 ਨੂੰ ਦੇਸ਼ ਖਾਤਰ ਸ਼ਹੀਦ ਹੋਏ ਸਨ। ਉਨ੍ਹਾਂ ਦੀ ਯਾਦ ਵਿਚ ਪੁਰਾਣੇ ਮਿਊਜ਼ੀਅਮ ਦਾ ਉਦਘਾਟਨ 23 ਮਾਰਚ 1981 ਨੂੰ ਹੋਇਆ ਸੀ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨੀ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਵੱਲੋਂ ਦੇਸ਼ ਹਿੱਤ ਵਿਚ ਕੀਤੇ ਉਪਰਾਲਿਆਂ ਬਾਰੇ ਜਾਗਰੂਕ ਕਰਨਾ ਹੈ। ਇਸੇ ਕੜੀ ਤਹਿਤ 30 ਮੀਟਰ ਉੱਚਾ ਤਿਰੰਗਾ ਝੰਡਾ ਲਹਿਰਾਇਆ ਗਿਆ ਹੈ। ਜੋ ਕਿ ਦੇਸ਼ ਪ੍ਰੇਮ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਇਸੇ ਤਰ੍ਹਾਂ ਯਾਦਗਾਰਾਂ ਦੇਖਣ ਆਏ ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਵੀਆਈਪੀ ਸਹੂਲਤਾਂ ਨਾਲ ਲੈਸ 8 ਵੱਡੇ ਕਮਰਿਆਂ ਵਾਲਾ ਆਧੁਨਿਕ ਰੈਸਟ ਹਾਊਸ ਉਸਾਰਿਆ ਜਾ ਰਿਹਾ ਹੈ।
ਕੀ ਕਹਿੰਦੇ ਹਨ ਮੂਰਤੀਕਾਰ ਤਾਰਕਪਾਲ
ਉਧਰ ਪੱਛਮ ਬੰਗਾਲ ਦੇ ਪ੍ਰਸਿੱਧ ਮੂਰਤੀਕਾਰ ਤਾਰਕਪਾਲ ਨੇ ਦੱਸਿਆ ਕਿ ਉਹ ਆਪਣੀ 15 ਟੀਮ ਮੈਂਬਰਾਂ ਨਾਲ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿਚ ਤਿਆਰ ਕੀਤੀ ਜਾ ਰਹੀਆਂ 3ਡੀ ਪੇਟਿੰਗਾਂ ਅਤੇ 29 ਤੋਂ ਵੱਧ ਮੂਰਤੀਆਂ ਦੀ ਉਸਾਰੀ ਕਰਨ 'ਚ ਲੱਗੇ ਹੋਏ ਹਨ। ਜਿਸ ਵਿਚੋਂ 16 ਤੋਂ ਵੱਧ ਮੂਰਤੀਆਂ ਦਾ ਕੰਮ ਪੂਰਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ 3ਡੀ ਪੇਟਿੰਗ ਅਤੇ ਮੂਰਤੀਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਸੰਘਰਸ਼ ਅਤੇ ਬਲਿਦਾਨ ਦੀ ਕਹਾਣੀ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਤਾਰਕਪਾਲ ਵੱਲੋਂ ਦਿੱਲੀ ਤੋਂ ਮੰਗਵਾਈ ਚਾਈਨਾ ਕਲੇ ਨਾਲ ਮੂਰਤੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਜਿਸ ਉਪਰੰਤ ਪੀਓਪੀ ਰਾਹੀਂ ਮੂਰਤੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੈਸੂਰ ਵਿਖੇ ਰਾਮਾਇਣ ਦੇ ਪ੍ਰਸ਼ੰਗਾਂ, ਜਲੰਧਰ ਵਿਖੇ ਡਾਇਨਾਸੋਰ ਦੀਆਂ ਵਡੀ ਮੂਰਤੀਆਂ, ਦਿੱਲੀ 'ਚ ਗਣਤੰਤਰ ਦਿਵਸ 'ਤੇ ਪ੍ਰਸਿੱਧ ਕ੍ਰਾਂਤੀਕਾਰੀਆਂ ਦੀਆਂ ਮੂਰਤੀਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ।
ਕੀ ਕਹਿੰਦੇ ਹਨ ਕਾਰੀਗਰ ਸੰਤੋਸ਼ੀ
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀਆਂ ਮੂਰਤੀਆਂ ਦੀ ਉਸਾਰੀ ਕਰ ਰਹੇ ਲਖਨਉ ਦੇ ਪਿੰਡ ਨਰਸਾ ਦੇ ਵਸਨੀਕ ਕਾਰੀਗਰ ਸੰਤੋਸ਼ੀ ਦਾ ਕਹਿਣਾ ਹੈ ਕਿ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਦੀ ਪ੍ਰਤਿਮਾ ਤਿਆਰ ਕਨਰ ਦਾ ਜੋ ਸੁਭਾਗ ਉਨ੍ਹਾਂ ਨੂੰ ਮਿਲਿਆ ਹੈ ਉਸ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਉਹ ਭਗਤ ਸਿੰਘ ਦੀ ਪ੍ਰਤਿਮਾ ਦੀ ਉਸਾਰੀ ਵਿਚ ਰੁੱਝੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਦੇ ਕਈ ਮੌਕੇ ਮਿਲੇ ਅਤੇ ਉਨ੍ਹਾਂ ਨੇ ਪਾਸਪੋਰਟ ਵੀ ਬਣਾਇਆ ਹੋਇਆ ਹੈ ਪਰ ਦੇਸ਼ ਦੇ ਮਹਾਨ ਕ੍ਰਾਂਤੀਕਾਰੀਆਂ ਅਤੇ ਨਾਇਕਾਂ ਦੀਆਂ ਮੂਰਤੀਆਂ ਬਣਾਉਣ ਦੀ ਇੱਛਾ ਨੂੰ ਦੇਖਦਿਆਂ ਉਨ੍ਹਾਂ ਵਿਦੇਸ਼ ਜਾ ਕੇ ਕੰਮ ਕਰਨ ਦਾ ਵਿਚਾਰ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਇਸ ਤੋਂ ਪਹਿਲਾ ਗੁਜਰਾਤ ਦੇ ਅਸ਼ਰਧਾਮ, ਨੀਲਕੰਠ ਧਾਮ, ਗਾਂਧੀ ਨਗਰ ਸਮੇਤ ਹੋਰਨਾਂ ਅਹਿਮ ਸਥਾਨਾਂ ਤੇ ਆਪਣੀ ਕਲਾ ਦਾ ਸੁੰਦਰ ਪ੍ਰਦਰਸ਼ਨ ਕਰ ਚੁੱਕੇ ਹਨ।
ਭਾਰਤ ਦੇ ਮੋਹਰੀ ਇਨਕਲਾਬੀ ਭਗਤ ਸਿੰਘ 28 ਸਤੰਬਰ 1907 ਨੂੰ ਜਨਮੇ ਸਨ
ਭਾਰਤ ਦੇ ਮੋਹਰੀ ਇਨਕਲਾਬੀ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਫੈਸਲਾਬਾਦ) ਜ਼ਿਲ੍ਹੇ ਦੇ ਪਿੰਡ ਬੰਗਾ ਵਿਚ ਹੋਇਆ। (ਜੋ ਕਿ ਹੁਣ ਪਾਕਿਸਤਾਨ ਵਿਚ ਹੈ) ਵਿਖੇ ਹੋਇਆ ਸੀ। ਉਸ ਦਾ ਜੱਦੀ ਘਰ ਭਾਰਤ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਹਿਸੀਲ ਬੰਗਾ ਦੇ ਪਿੰਡ ਖਟਕੜ ਕਲਾਂ ਵਿਚ ਸਥਿਤ ਹੈ। ਉਸ ਦੇ ਪਿਤਾ ਸ. ਕਿਸ਼ਨ ਸਿੰਘ ਅਤੇ ਮਾਤਾ 'ਪੰਜਾਬ ਮਾਤਾ' ਵਿਦਿਆਵਤੀ ਸੀ। ਇਹ ਇੱਕ ਜੱਟ ਸਿੱਖ ਪਰਿਵਾਰ ਸੀ। ਜਿਸ ਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਉਸ ਦੇ ਜਨਮ ਵੇਲੇ ਉਸ ਦੇ ਪਿਤਾ ਅਤੇ ਦੋ ਚਾਚਿਆਂ ਅਜੀਤ ਸਿੰਘ ਅਤੇ ਸਵਰਨ ਸਿੰਘ ਵੀ ਜੇਲ੍ਹ ਚੋਂ ਰਿਹਾ ਹੋਏ ਸੀ। ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਕਿਹਾ ਜਾਂਦਾ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਗਦਰ ਪਾਰਟੀ ਦੇ ਕਾਰਕੁੰਨ ਸਨ। ਭਗਤ ਸਿੰਘ ਦਾ ਝੁਕਾਅ ਸਮਾਜਵਾਦ ਵੱਲ ਕਾਫੀ ਜ਼ਿਆਦਾ ਸੀ। ਉਨ੍ਹਾਂ ਨੇ ਭਾਰਤ ਦੇ ਮੁੱਢਲੇ ਮਾਰਕਸਵਾਦੀ ਵਿਚੋਂ ਇਕ ਮੰਨਿਆ ਜਾਂਦਾ ਹੈ। ਭਗਤ ਸਿੰਘ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਬਾਨੀਆਂ 'ਚੋਂ ਇਕ ਸਨ। ਭਾਰਤ ਪਾਕਿਸਤਾਨ ਵੰਡ ਸਮੇਂ ਭਗਤ ਸਿੰਘ ਦੇ ਮਾਤਾ ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰ ਭਾਰਤ ਵਿਚ ਆ ਗਏ ਸਨ। ਜਿਥੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਖਟਕੜ ਕਲਾਂ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਰਹਿਣਾ ਸ਼ੁਰੂ ਕਰ ਦਿੱਤਾ।
ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੈ
ਨਵਾਂਸ਼ਹਿਰ ਤੋਂ ਫਗਵਾੜਾ ਹਾਈਵੇ 'ਤੇ 11 ਕਿਲੋਮੀਟਰ ਦੀ ਦੂਰੀ ਤੇ ਬੱਸੇ ਪਿੰਡ ਖਟਕੜ ਕਲਾਂ ਤੋਂ ਬੰਗਾ ਦੀ ਦੂਰੀ ਕਰੀਬ ਤਿੰਨ ਕਿਲੋਮੀਟਰ ਹੈ। ਇਹ ਪਿੰਡ ਸਦੀਆਂ ਪੁਰਾਣਾ ਹੈ। 825 ਏਕੜ 'ਚ ਫੈਲਿਆ ਇਹ ਪਿੰਡ ਇਕ ਰਾਜੇ ਨੇ ਆਪਣੀ ਲੜਕੀ ਦਾ ਵਿਆਹ ਸਮੇਂ ਖੱਟ 'ਚ ਦਿੱਤਾ ਸੀ। ਜਿਸ ਕਾਰਨ ਇਸ ਪਿੰਡ ਦਾ ਨਾਂਅ ਖੱਟ-ਗੜ੍ਹ ਪਿਆ। ਜਿਹੜਾ ਹੌਲੀ ਹੌਲੀ ਵਿਗੜ ਕੇ ਖਟਕੜ੍ਹ ਕਲਾਂ ਬਣ ਗਿਆ। ਇਸ ਪਿੰਡ ਨੂੰ ਵਸਾਉਣ 'ਚ ਸ਼ਹੀਦ ਭਗਤ ਸਿੰਘ ਦੇ ਨੱਕੜ ਦਾਦੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਦੇਸ਼ ਦੀ ਆਜ਼ਾਦੀ ਦੀ ਵੰਡ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਅਤੇ ਪੰਜਾਬ ਮਾਤਾ ਵਿਦਿਆਵਤੀ ਨੇ ਪਿੰਡ ਖਟਕੜ ਕਲਾਂ ਤਹਿਸੀਲ ਬੰਗਾ ਵਿਖੇ ਇਕ ਘਰ ਦਾ ਨਿਰਮਾਣ ਕੀਤਾ। ਪੁਰਾਣੀਆਂ ਅਤੇ ਛੋਟੀਆਂ (ਨਾਨਕਸ਼ਾਹੀ) ਇੱਟਾਂ ਨਾਲ ਬਣੇ ਇਸ ਘਰ ਨੂੰ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਦੇ ਰੁਪ ਵਿਚ ਪ੍ਰਸਿੱਧੀ ਹਾਸਲ ਹੈ। ਪੰਜਾਬ ਮਾਤਾ ਵਿਦਿਆਵਤੀ 1975 ਤੱਕ ਇੱਥੇ ਹੀ ਰਹੇ। ਅੱਜ ਇਹ ਘਰ ਸ਼ਹੀਦ-ਏ-ਆਜਮ. ਸ. ਭਗਤ ਸਿੰਘ ਅਜਾਇਬ ਘਰ ਵਜੋਂ ਇਸ ਦੇਸ਼ ਭਗਤ ਪਰਿਵਾਰ ਦੀਆਂ ਨਿੱਘੀਆਂ ਯਾਦਾਂ ਸਾਂਭੀ ਬੈਠਾ ਹੈ। ਅੱਜ ਵੀ ਸ਼ਹੀਦ ਭਗਤ ਸਿੰਘ ਦੇ ਇਸ ਘਰ ਵਿਚ ਦੋ ਪੁਰਾਣੇ ਮੰਜੇ, ਰਾਜ ਮਾਤਾ ਵਿਦਿਆਵਤੀ ਦਾ ਪਲੰਘ, ਤੁੜੀ ਇਕੱਠੀ ਕਰਨ ਵਾਲੀ ਤੰਗਲੀ ਤੇ ਬਾਲਟੀ, ਦੂਸਰੇ ਕਮਰੇ 'ਚ ਫਰਸ਼ ਦੇ ਬੈਠ ਕੇ ਖਾਣਾ ਖਾਣ ਵਾਲਾ ਡਾਇਨਿੰਗ ਟੇਬਲ, ਪੰਜ ਲੱਕੜ ਦੇ ਸੰਦੂਕ, ਚਾਹ ਦੀ ਕੇਤਲੀ, ਲਾਲਟੈਨ, ਕੁੱਝ ਬਰਤਨ, ਜਿਨ੍ਹਾਂ 'ਚ ਪਰਾਤਾਂ, ਥਾਲੀਆਂ ਗਿਲਾਸ ਤੇ ਚਮਚ ਹਨ। ਇਸੇ ਤਰ੍ਹਾਂ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ, ਘਰ 'ਚ ਬਣਿਆ ਪੁਰਾਣਾ ਖੂਹ ਵੀ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੈ।
ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਜਾਇਬ ਘਰ ਬਣਾਉਣਾ ਮਾਤਾ ਵਿਦਿਆਵਤੀ ਦੀ ਇੱਛਾ ਸੀ
ਪੰਜਾਬ ਮਾਤਾ ਵਿਦਿਆਵਤੀ ਦੀ ਦਿਲੀ ਇੱਛਾ ਸੀ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇੱਥੇ ਇਕ ਅਜਾਇਬ ਘਰ ਬਣਾਇਆ ਜਾਵੇ। ਉਨ੍ਹਾਂ ਦੀ ਦਿਲੀ ਇੱਛਾ 'ਤੇ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਸੰਜੋ ਕੇ ਪਿੰਡ ਦੇ ਐਂਟਰੀ ਪੁਆਇੰਟ ਦੇ ਮੁੱਖ ਸੜਕ 'ਤੇ ਅਜਾਇਬ ਘਰ ਬਣਾਇਆ ਗਿਆ। ਇਸ ਅਜਾਇਬ ਘਰ 'ਚ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਵਲੋਂ 23 ਮਾਰਚ 1931 ਨੂੰ ਫਾਂਸੀ ਤੋਂ ਬਾਅਦ 24 ਮਾਰਚ ਨੂੰ ਸਸਕਾਰ ਤੋਂ ਬਾਅਦ ਇਕੱਠੀਆਂ ਕੀਤੀਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅਸਥੀਆਂ ਪਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੱਥ ਲਿਖਤ ਚਿੱਠੀਆਂ, ਜਨਮ ਪੱਤਰੀ, ਪਰਿਵਾਰ ਦੀਆਂ ਤਸਵੀਰਾਂ ਅਤੇ 24 ਮਾਰਚ 1931 ਨੂੰ ਪ੍ਰਕਾਸ਼ਤ 'ਦਿ ਟ੍ਰਿਬਿਊਨ ਅਖਬਾਰ' ਜਿਸ ਵਿਚ ਸ਼ਹਾਦਤ ਦੀ ਗਾਥਾ ਛਪੀ ਹੈ। ਸ਼ਹੀਦ ਸੁਖਦੇਵ ਦੀ ਟੋਪੀ, ਸ਼ਹੀਦ ਭਗਤ ਸਿੰਘ ਦੀ ਸੁਰਮੇਦਾਨੀ, ਗੀਤਾ, ਬਟੂਆ, ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਫਾਂਸੀ ਦਾ ਫਰਮਾਨ ਲਿਖਣ ਵਾਲੀ ਕਲਮ, ਜੇਲ੍ਹ ਡਾਇਰੀ, ਸ਼ਹੀਦ ਭਗਤ ਸਿੰਘ ਦੀ ਜਿੰਦਗੀ ਨੂੰ ਦਰਸ਼ਾਉਣ ਵਾਲੇ ਚਿੱਤਰ, 12 ਸਾਲ ਦੇ ਭਗਤ ਸਿੰਘ ਦੀ ਤਸਵੀਰ, ਆਪਣੀ ਮਾਤਾ ਵਿਦਿਆਵਤੀ ਤੇ ਚਾਚੀ ਨਾਲ ਬੈਠੇ ਭਗਤ ਸਿੰਘ ਦੀ ਤਸਵੀਰ, ਮਾਤਾ ਵਿਦਿਆਵਤੀ ਨੂੰ ਸਨਮਾਨ ਦਿੰਦੇ ਹੋਏ ਗਿਆਨੀ ਜੈਲ ਸਿੰਘ ਦੀਆਂ ਤਸਵੀਰਾਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹਨ।