ਬਲਾਕ ਸੰਮਤੀ ਨਵਾਂਸ਼ਹਿਰ ਚੋਣਾਂ 'ਚ ਦੇਰੀ ਖਿਲਾਫ਼ ਕਾਂਗਰਸੀਆਂ ਨੇ ਜਤਾਇਆ ਰੋਸ

- ਪਿਛਲੀਆਂ ਤਿੰਨ ਤੋਂ ਚਾਰ ਚੋਣ ਮੀਟਿੰਗਾਂ ਨੂੰ ਬਿਨਾਂ ਠੋਸ ਕਾਰਨ ਦਿੱਤੇ ਕੀਤਾ ਮੁਲਤਵੀ, ਲੋਕਤੰਤਰ ਦਾ ਘਾਣ ਸਹਿਣ ਨਹੀਂ ਕੀਤਾ ਜਾਵੇਗਾ : ਸਾਬਕਾ ਵਿਧਾਇਕ ਅੰਗਦ ਸਿੰਘ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਬਲਾਕ ਸੰਮਤੀ ਨਵਾਂਸ਼ਹਿਰ 'ਚ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ 'ਚ ਸਬੰਧਤ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿਚ ਅੱਜ ਕਾਂਗਰਸ ਦੇ ਜੇਤੂ ਉਮੀਦਵਾਰਾਂ ਵੱਲੋਂ ਸਾਬਕਾ ਵਿਧਾਇਕ ਅੰਗਦ ਸਿੰਘ, ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਦੀ ਅਗਵਾਈ ਹੇਠ ਬੀਡੀਪੀਓ ਦਫਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਡੀਸੀ ਗੁਲਪ੍ਰੀਤ ਸਿੰਘ ਔਲਖ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਬਲਾਕ ਸੰਮਤੀ ਨਵਾਂਸ਼ਹਿਰ ਦੀ ਚੋਣ ਵਿਚ 25 ਉਮੀਦਵਾਰਾਂ ਵਿਚੋਂ 15 ਉਮੀਦਵਾਰ ਕਾਂਗਰਸ ਪਾਰਟੀ ਦੇ ਜਿੱਤੇ ਹਨ। ਜਿਸ ਕਾਰਨ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਸੀਟ ਤੇ ਕਾਂਗਰਸ ਦਾ ਕਬਜ਼ਾ ਬਣਦਾ ਹੈ। ਜਿਸ ਕਾਰਨ ਅਫ਼ਸਰਾਂ ਵੱਲੋਂ ਇਸ ਚੋਣ ਨੂੰ ਮੁਕੰਮਲ ਕਰਨ ਦੀ ਥਾਂ ਬਿਨਾਂ ਦੱਸੇ ਕਦੇ ਬਿਮਾਰੀ ਦਾ ਬਹਾਨਾ ਬਣਾ ਕੇ ਕਦੇ ਨਿਰਧਾਰਿਤ ਸਮੇਂ ਤੇ ਅਫ਼ਸਰਾਂ ਵੱਲੋਂ ਛੁੱਟੀ ਲੈ ਕੇ ਇਸ ਕੰਮ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਜੇਤੂ ਉਮੀਦਵਾਰਾਂ ਵਿਚ ਰੋਸ ਦੀ ਭਾਵਨਾ ਵੱਧਦੀ ਜਾ ਰਹੀ ਹੈ। ਅੰਗਦ ਸਿੰਘ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਤਿੰਨ ਤੋਂ ਚਾਰ ਚੋਣ ਮੀਟਿੰਗਾਂ ਨੂੰ ਬਿਨਾਂ ਠੋਸ ਕਾਰਨ ਦਿੱਤੇ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕਾਂਗਰਸ ਦੇ ਜੇਤੂ ਉਮੀਦਵਾਰ 10.30 ਵਜੇ ਤੋਂ ਬੀਡੀਪੀਓ ਦਫਤਰ ਵਿਖੇ ਪੁੱਜੇ ਸਨ ਪਰ 11.03 ਵਜੇ ਅਕਾਲੀ, ਬਸਪਾ ਅਤੇ ਆਪ ਉਮੀਦਵਾਰ ਬਿਨਾ ਰੋਕ ਟੋਕ ਦੇ ਬੀਡੀਪੀਓ ਦਫਤਰ ਜਾ ਵੜੇ ਹਨ। ਜਦਕਿ ਸਬੰਧਤ ਐੱਸਡੀਐਮ ਵੱਲੋਂ ਚੋਣ ਮੁਕੰਮਲ ਕਰਵਾਉਣ ਦੀ ਥਾਂ ਫ਼ੋਨ ’ਤੇ ਗੱਲਬਾਤ ਕਰਨ ਤੋਂ ਉਪਰੰਤ ਇਹ ਆਖ ਕੇ ਕਿ ਉਹ ਆਪਣੀ ਜੁੱਤੀ ਬਦਲਣ ਜਾ ਰਹੀ ਹਨ ਆਖ ਕੇ ਚਲੀ ਗਈ ਹੈ। ਅੰਗਦ ਸਿੰਘ ਨੇ ਡੀਸੀ ਨੂੰ ਦੱਸਿਆ ਕਿ ਇਸ ਚੋਣ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਵਾਇਆ ਜਾਵੇ। ਤਾਂ ਜੋ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਆਪਣੀ ਬਣਦੀ ਪੋਸਟ ਅਤੇ ਡਿਉਟੀ ਨੂੰ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਅਫ਼ਸਰਾਂ ਨੂੰ ਸਮੇਂ ਦੇ ਪਾਬੰਦ ਬਣਾਉਣ ਦੇ ਨਾਲ ਨਾਲ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਆਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਲਾਕ ਸੰਮਤੀ ਨਵਾਂਸ਼ਹਿਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਮੁਕੰਮਲ ਨਹੀਂ ਕਰਵਾਈ ਗਈ ਤਾਂ ਮਜਬੂਰਨ ਉਨ੍ਹਾਂ ਨੂੰ ਮਾਣਯੋਗ ਅਦਾਲਤ ਦਾ ਦਰਵਾਜਾ ਖਟਕਾਉਣ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਾਂਗਰਸੀ ਉਮੀਦਵਾਰਾਂ ਅਤੇ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਅਤੇ ਨਿਰਧਾਰਿਤ ਸਮੇਂ ਵਿਚ ਚੋਣ ਮੁਕੰਮਲ ਕਰਵਾਈ ਜਾਵੇ। ਅੰਗਦ ਸਿੰਘ ਨੇ ਕਿਹਾ ਕਿ ਬਲਾਚੌਰ 'ਚ ਵੀ ਇਸੇ ਤਰ੍ਹਾਂ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ 'ਚ ਦੇਰੀ ਕੀਤੀ ਜਾ ਰਹੀ ਸੀ। ਜਿਸ ਕਾਰਨ ਕਾਂਗਰਸੀਆਂ ਵੱਲੋਂ ਕੀਤੇ ਸੰਘਰਸ਼ ਤੋਂ ਬਾਅਦ ਬਲਾਚੌਰ ਦੀ ਚੋਣ ਮੁਕੰਮਲ ਕਰਵਾਈ ਜਾ ਸਕੀ ਹੈ। ਅੱਜ ਦੇ ਸੰਘਰਸ਼ ਤੋਂ ਬਾਅਦ ਅੰਗਦ ਸਿੰਘ ਨੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਸਮੇਤ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਸਰਾਂ ਵੱਲੋਂ 30 ਮਾਰਚ ਨੂੰ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰਵਾਉਣ ਦੇ ਦਿੱਤੇ ਭਰੋਸੇ ਨੂੰ ਦੇਖਦਿਆਂ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਤੋਂ ਕਾਂਗਰਸੀ ਆਗੂਆਂ ਦੇ ਨਾਲ ਨਾਲ ਸਮੂਹ ਵਰਕਰ ਅਤੇ ਲੋਕ ਜਿੱਤ ਦੀ ਖੁਸ਼ੀ ਮਨਾਉਣ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੁੰਹ ਤੋੜਵਾਂ ਜਵਾਬ ਦੇਣ ਅਤੇ ਲੋਕਤੰਤਰ ਦੀ ਰੱਖਿਆ ਲਈ ਚੋਣ ਮੁਕੰਮਲ ਕਰਵਾਉਣ ਲਈ ਬੀਡੀਪੀਓ ਦਫਤਰ ਪੁੱਜਣ। ਅਜੇ ਮੰਗੂਪੁਰ ਨੇ ਕਿਹਾ ਕਿ 500-700 ਬੰਦਿਆਂ ਨਾਲ ਗੱਲ ਨਹੀਂ ਬਣਨੀ, ਉਹ ਬਲਾਚੌਰ ਤੋਂ 5000 ਬੰਦਾ ਲਿਆ ਕੇ ਨਵਾਂਸ਼ਹਿਰ 'ਚ ਸੜਕਾਂ ਦੇ ਚੱਕਾ ਜਾਮ ਕਰਕੇ ਅਫ਼ਸਰਾਂ ਨੂੰ ਦਫਤਰਾਂ ਤੋਂ ਬਾਹਰ ਨਿਕਲਣ ਨਹੀਂ ਦਿਆਂਗੇ ਨਾ ਆਪਾਂ ਬਾਹਰ ਨਿਕਲਾਂਗੇ। ਉਨ੍ਹਾਂ ਨੂੰ ਦੱਸ ਦਿਆਂਗੇ ਕਿ ਕਾਂਗਰਸ ਪਾਰਟੀ ਕਿਥੇ ਖੜੀ ਹੈ। ਜ਼ਿਕਰਯੋਗ ਹੈ ਕਿ ਬੀਡੀਪੀਓ ਦਫਤਰ ਵਿਖੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਨੂੰ ਦੇਖਦਿਆਂ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰਖਿਆ ਪ੍ਰਬੰਧ ਕਰਵਾਏ ਗਏ ਸਨ। ਇਸ ਮੌਕੇ ਐੱਸਪੀ ਸਰਬਜੀਤ ਸਿੰਘ ਬਾਹੀਆ ਦੇ ਨਾਲ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ, ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸਐੱਚਓ, ਪੁਲਿਸ ਥਾਣਾ ਬਲਾਚੌਰ ਦੇ ਐੱਸਐੱਚਓ ਸਤਨਾਮ ਸਿੰਘ ਸਮੇਤ ਹੋਰ ਪੁਲਿਸ ਪਾਰਟੀ ਹਾਜ਼ਰ ਸਨ।
ਕੀ ਕਹਿੰਦੇ ਹਨ ਡੀਸੀ?
ਬਲਾਕ ਸੰਮਤੀ ਨਵਾਂਸ਼ਹਿਰ ਵਿਚ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਬਾਰੇ ਹੋ ਰਹੀ ਦੇਰੀ ਦੇ ਮਾਮਲੇ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਅਤੇ ਕਾਂਗਰਸੀ ਉਮੀਦਵਾਰਾਂ ਦੇ 11 ਵਜੇ ਤੱਕ ਪਹੁੰਚਣ ਤੋਂ ਬਾਅਦ ਵੀ ਉਨ੍ਹਾਂ ਨੂੰ ਬੀਡੀਪੀਓ ਦਫਤਰ ਵਿਖੇ ਰੋਕਣ ਅਤੇ ਆਪ ਉਮੀਦਵਾਰਾਂ ਨੂੰ 11.03 ਵਜੇ ਤਿੰਨ ਚਾਰ ਬੰਦੇ ਬੀਡੀਪੀਓ ਦਫਤਰ ਭੇਜਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਡੀਸੀ ਗੁਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਕਾਨੂੰਨ ਅਨੁਸਾਰ ਬਣਦੇ ਉਪਰਾਲੇ ਕੀਤੇ ਜਾਣਗੇ। ਪੱਤਰਕਾਰਾਂ ਨੇ ਦੱਸਿਆ ਕਿ ਕਾਂਗਰਸੀਆਂ ਦਾ ਆਰੋਪ ਹੈ ਕਿ ਜਦੋਂ ਬਲਾਕ ਸੰਮਤੀ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰਵਾਉਣ ਦੀ ਥਾਂ ਨਿਰਧਾਰਿਤ ਸਮੇਂ ਵਿਚ ਅਫਸਰ ਛੁੱਟੀ ਚਲੇ ਜਾਂਦੇ ਹਨ ਜਾਂ ਬਿਮਾਰ ਹੋ ਜਾਂਦੇ ਹਨ ਤਾਂ ਡੀਸੀ ਨੇ ਕਿਹਾ ਕਿ ਇਸ ਦੀ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਕਾਨੂੰਨ ਅਨੁਸਾਰ ਬਣਦੇ ਉਪਰਾਲੇ ਕੀਤੇ ਜਾਣਗੇ। ਪੱਤਰਕਾਰਾਂ ਨੇ ਦੱਸਿਆ ਕਿ ਬਲਾਚੌਰ 'ਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰੜੇ ਸੰਘਰਸ਼ ਤੋਂ ਬਾਅਦ ਨੇਪਰੇ ਚੜ੍ਹੀ ਹੈ। ਕਾਂਗਰਸੀ ਆਗੂਆਂ ਵੱਲੋਂ ਡੀਸੀ ਕਾਂਪਲੈਕਸ ਵਿਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣ ਤੇ ਪ੍ਰਦਰਸ਼ਨ ਕਾਰੀਆਂ ਖਿਲਾਫ਼ ਕੀ ਕਾਰਵਾਈ ਕੀਤੀ ਜਾਣੀ ਹੈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਡੀਸੀ ਨੇ ਬਣਦੀ ਕਾਰਵਾਈ ਦਾ ਭਰੋਸਾ ਜਤਾਇਆ।