ਬਲਾਚੌਰ ਬਲਾਕ ਸੰਮਤੀ ਚੋਣਾਂ ’ਚ ਕਾਂਗਰਸ ਦੀ ਜਿੱਤ ਸ਼ਲਾਘਾਯੋਗ : ਮੂੰਗਾ
ਬਲਾਚੌਰ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਦੀ ਜਿੱਤ ਸ਼ਲਾਘਾਯੋਗ-ਮੂੰਗਾ
Publish Date: Thu, 26 Mar 2026 04:12 PM (IST)
Updated Date: Fri, 27 Mar 2026 04:00 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਬਲਾਚੌਰ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਨੌਜਵਾਨ ਆਗੂ ਨਾਨਕ ਸਿੰਘ ਜੰਡੀ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਬਣਾਇਆ ਹੈ। ਇਸ ਜਿੱਤ ਤੋਂ ਬਾਅਦ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਜਤਿੰਦਰ ਕੌਰ ਮੁੰਗਾ ਵੱਲੋਂ ਬਲਾਚੌਰ ਦੇ ਸੀਨੀਅਰ ਕਾਂਗਰਸ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ, ਕਾਂਗਰਸ ਵਰਕਰਾਂ ਦੀ ਮਿਹਨਤ ਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਤੀਜੇ ਨਾਲ ਸਾਬਤ ਹੋ ਗਿਆ ਹੈ ਕਿ ‘ਝਾੜੂ’ ਤੀਲਾ-ਤੀਲਾ ਹੋ ਗਿਆ ਹੈ ਅਤੇ ਸੱਤਾਧਾਰੀ ਧਿਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇ ਬਾਵਜੂਦ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਆਪਣਾ ਫੈਸਲਾ ਦੇ ਦਿੱਤਾ ਹੈ ਅਤੇ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਵਰਕਰਾਂ ਦੀ ਏਕਤਾ ਅਤੇ ਜਜ਼ਬੇ ਨਾਲ ਮਿਲੀ ਇਹ ਜਿੱਤ ਦਰਸਾਉਂਦੀ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ। ਇਸ ਦੌਰਾਨ ਕਮਲਜੀਤ ਸਿੰਘ ਬੰਗਾ ਅਤੇ ਹਰਭਜਨ ਸਿੰਘ ਭਰੋਲੀ ਵੱਲੋਂ ਵੀ ਨਾਨਕ ਸਿੰਘ ਜੰਡੀ ਦੇ ਚੇਅਰਮੈਨ ਬਣਨ ਅਤੇ ਕਾਂਗਰਸ ਪਾਰਟੀ ਦੀ ਜਿੱਤ ਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੂੰ ਵਧਾਈਆਂ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ।