ਕਾਂਗਰਸੀ ਆਗੂਆਂ ਨੇ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦੀ ਚੁੱਕੀ ਮੰਗ ਕਾਂਗਰਸੀ ਆਗੂਆਂ ਨੇ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦੀ ਉਠਾਈ ਮੰਗ
Publish Date: Thu, 12 Nov 2026 03:32 PM (IST)
Updated Date: Thu, 12 Nov 2026 03:33 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਮਲਜੀਤ ਬੰਗਾ ਦੇ ਜਨਮ ਦਿਨ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਕਮਲਜੀਤ ਬੰਗਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਕਈ ਅਜਿਹੇ ਆਗੂ ਬੰਗਾ ਹਲਕੇ ਵਿਚ ਸਰਗਰਮ ਹੋਣ ਲੱਗ ਪੈਂਦੇ ਹਨ, ਜਿਨ੍ਹਾਂ ਦਾ ਹਲਕੇ ਦੀ ਰਾਜਨੀਤੀ ਅਤੇ ਸਥਾਨਕ ਲੋਕਾਂ ਨਾਲ ਕੋਈ ਖਾਸ ਸੰਬੰਧ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਜਿਹੇ ਚੋਣਾਂ ਦੇ ਮੌਸਮੀ ਆਗੂਆਂ ਤੋਂ ਪਾਰਟੀ ਵਰਕਰਾਂ ਅਤੇ ਵੋਟਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ, ਜਿਹੜੇ ਆਗੂ ਮੁਸ਼ਕਲ ਸਮੇਂ ਵਿਚ ਵਰਕਰਾਂ ਦੇ ਨਾਲ ਨਹੀਂ ਖੜ੍ਹਦੇ, ਉਨ੍ਹਾਂ ਨੂੰ ਸਿਰਫ ਚੋਣਾਂ ਦੇ ਸਮੇਂ ਆ ਕੇ ਆਪਣੀ ਦਾਅਵੇਦਾਰੀ ਪੇਸ਼ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੋਣਾ ਚਾਹੀਦਾ। ਬੀਰਾ ਗੋਸਲ ਵਾਈਸ ਚੇਅਰਮੈਨ ਐਸਸੀ ਵਿੰਗ ਨੇ ਕਿਹਾ ਕਿ ਬੰਗਾ ਹਲਕੇ ਦੀ ਟਿਕਟ ਸੰਬੰਧੀ ਪਾਰਟੀ ਹਾਈ ਕਮਾਂਡ ਨੂੰ ਸਥਾਨਕ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆ ਕੇ ਟਿਕਟ ਦੀ ਦਾਅਵੇਦਾਰੀ ਕਰਨ ਵਾਲਿਆਂ ਦੀ ਬਜਾਏ ਉਸ ਆਗੂ ਨੂੰ ਮੌਕਾ ਦਿੱਤਾ ਜਾਵੇ, ਜਿਸ ਨੇ ਲੰਮੇ ਸਮੇਂ ਤੋਂ ਹਲਕੇ ਵਿਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੋਵੇ। ਉਨ੍ਹਾਂ ਦੇ ਅਨੁਸਾਰ ਸਥਾਨਕ ਉਮੀਦਵਾਰ ਨੂੰ ਟਿਕਟ ਦੇਣ ਨਾਲ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਹੋਰ ਮਜ਼ਬੂਤ ਹੋ ਸਕਦੀਆਂ ਹਨ। ਪਿੰਡ ਜੰਡਿਆਲੀ ਦੇ ਸਰਪੰਚ ਸੁਰਿੰਦਰ ਪਾਲ ਨੇ ਵੀ ਇਸ ਵਿਚਾਰ ਦੀ ਹਮਾਇਤ ਕਰਦਿਆਂ ਕਿਹਾ ਕਿ ਉਮੀਦਵਾਰ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਹਲਕੇ ਦੇ ਲੋਕ ਨਿੱਜੀ ਤੌਰ ਤੇ ਜਾਣਦੇ ਹੋਣ ਅਤੇ ਜੋ ਹਰ ਸਮੇਂ ਲੋਕਾਂ ਦੀ ਪਹੁੰਚ ਵਿਚ ਰਹੇ। ਜ਼ਿਲ੍ਹਾ ਜਨਰਲ ਸਕੱਤਰ ਐਸਸੀ ਵਿੰਗ ਸੁਰਿੰਦਰ ਕੁਮਾਰ ਨੇ ਕਿਹਾ ਕਿ ਕਮਲਜੀਤ ਬੰਗਾ ਪਿਛਲੇ ਕਰੀਬ 15 ਸਾਲਾਂ ਤੋਂ ਇਲਾਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਵਿਚ ਸਰਗਰਮ ਹਨ। ਉਹ ਹਰ ਵਰਗ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਰਹੇ ਹਨ ਅਤੇ ਦੋ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਜਿੱਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤਜਰਬੇਕਾਰ ਅਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਆਗੂ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।। ਇਸੇ ਦੌਰਾਨ ਉੱਘੇ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ ਕਾਂਗਰਸ ਅਤੇ ਦਰਵਜੀਤ ਸਿੰਘ ਪੂਨੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਨੇ ਵੀ ਕਮਲਜੀਤ ਬੰਗਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।। ਉਨ੍ਹਾਂ ਨੇ ਵੀ ਪਾਰਟੀ ਹਾਈ ਕਮਾਂਡ ਨੂੰ ਬੰਗਾ ਹਲਕੇ ਵਿਚ ਸਥਾਨਕ ਆਗੂ ਨੂੰ ਹੀ ਟਿਕਟ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਦੀਪ ਰਟੈਂਡਾ ਜਨਰਲ ਸਕੱਤਰ ਯੂਥ ਵਿੰਗ ਪੰਜਾਬ, ਵਿਕਾਸ ਸੰਗਰ ਜ਼ਿਲ੍ਹਾ ਡੈਲੀਗੇਟ ਪ੍ਰਦੇਸ਼ ਕਾਂਗਰਸ, ਰਾਜ ਕੁਮਾਰ ਢੰਢੂਹਾ ਬਲਾਕ ਪ੍ਰਧਾਨ ਐਸਸੀ ਵਿੰਗ, ਪਿਰਥੀਪਾਲ ਸਿੰਘ ਖਹਿਰਾ ਹਲਕਾ ਫਿਲੌਰ, ਰੇਸ਼ਮ ਰਾਮ ਜੰਡਿਆਲੀ, ਲਖਬੀਰ ਕੁਮਾਰ, ਜਰਨੈਲ ਸਿੰਘ ਪੱਲੀ ਝਿੱਕੀ, ਲਵਲੀ ਇਟਲੀ, ਰਾਜਨ ਅਰੋੜਾ, ਗਿਆਨ ਚੰਦ ਚੱਕ ਮੰਡੇਰ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।