- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਭ ਵਿਚ ਲਿੰਗ ਜਾਂਚ ਕਰਨਾ ਅਤੇ ਕਰਵਾਉਣਾ ਕਾਨੂੰਨੀ ਅਪਰਾਧ: ਡਾ. ਹਰੀਸ਼ ਕਿਰਪਾਲ

ਨਰਿੰਦਰ ਮਾਹੀ, ਪੰਜਾਬੀ ਜਾਗਰਣ
ਬੰਗਾ : ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਲਿੰਗ ਚੋਣ ਵਰਗੀ ਗੈਰ-ਕਾਨੂੰਨੀ ਪ੍ਰਥਾ ਨੂੰ ਰੋਕਣ ਅਤੇ ਧੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਪੀਸੀ ਪੀਐੱਨਡੀਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਵੱਲੋਂ ਬੰਗਾ ਵਿਚ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਬੰਗਾ ਤੇ ਤਿੰਨ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਕਾਰਵਾਈ ਦੌਰਾਨ ਕਾਰਜਕਾਰੀ ਪੀ.ਐਨ.ਡੀ.ਟੀ. ਕੋਆਰਡੀਨੇਟਰ ਹਰਨੇਕ ਸਿੰਘ ਵੀ ਮੌਜੂਦ ਰਹੇ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਗਰਭ ਵਿਚ ਬੱਚੇ ਦੇ ਲਿੰਗ ਦੀ ਚੋਣ ਕਰਨਾ, ਕਰਵਾਉਣਾ ਜਾਂ ਇਸ ਸਬੰਧੀ ਪ੍ਰਚਾਰ ਕਰਨਾ ਕਾਨੂੰਨ ਅਨੁਸਾਰ ਮਨਾਹੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀਸੀ ਪੀਐੱਨਡੀਟੀ ਐਕਟ ਦੀ ਪਾਲਣਾ ਯਕੀਨੀ ਬਣਾਉਣਾ ਸਿਹਤ ਵਿਭਾਗ ਦੀ ਅਹਿਮ ਤਰਜੀਹ ਹੈ। ਇਸ ਲਈ ਅਲਟਰਾਸਾਊਂਡ ਕੇਂਦਰਾਂ ਦੀ ਨਿਗਰਾਨੀ, ਰਿਕਾਰਡਾਂ ਦੀ ਜਾਂਚ ਅਤੇ ਨਿਰਧਾਰਤ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਨੂੰ ਮਹੱਤਵ ਦਿੱਤਾ ਜਾਂਦਾ ਹੈ।
ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਸਾਰੇ ਰਜਿਸਟਰਡ ਅਲਟਰਾਸਾਊਂਡ ਕੇਂਦਰਾਂ ਲਈ ਲਾਗੂ ਨਿਯਮਾਂ ਅਨੁਸਾਰ ਰਿਕਾਰਡ ਰੱਖਣਾ, ਲੋੜੀਂਦੇ ਫਾਰਮ ਸਹੀ ਢੰਗ ਨਾਲ ਭਰਨਾ ਅਤੇ ਨਿਰਧਾਰਤ ਸੂਚਨਾ ਬੋਰਡ ਲਗਾਉਣਾ ਜ਼ਰੂਰੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਲਿੰਗ ਅਨੁਪਾਤ ਵਿਚ ਸੁਧਾਰ ਸਿਰਫ਼ ਸਰਕਾਰੀ ਕਾਰਵਾਈ ਨਾਲ ਹੀ ਨਹੀਂ, ਸਗੋਂ ਸਮਾਜ ਦੀ ਸਰਗਰਮ ਭਾਗੀਦਾਰੀ ਨਾਲ ਵੀ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਪ੍ਰਤੀ ਸਕਾਰਾਤਮਕ ਸੋਚ ਅਪਣਾਈ ਜਾਵੇ ਅਤੇ ਲਿੰਗ ਚੋਣ ਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਧੀਆਂ ਨੂੰ ਬਰਾਬਰ ਦੇ ਅਧਿਕਾਰ, ਸਿੱਖਿਆ ਅਤੇ ਸਨਮਾਨ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਲੋਕਾਂ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਸੰਦੇਸ਼ ਨੂੰ ਅਮਲ ਵਿੱਚ ਲਿਆਉਂਦਿਆਂ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਡਾ. ਹਰੀਸ਼ ਕਿਰਪਾਲ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਸਰਗਰਮੀਆਂ ਅਤੇ ਸਬੰਧਿਤ ਕੇਂਦਰਾਂ ਦੀ ਨਿਗਰਾਨੀ ਰਾਹੀਂ ਲੋਕਾਂ ਨੂੰ ਕਾਨੂੰਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਦੇ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਸਿਹਤ ਕਰਮਚਾਰੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਦੁਹਰਾਇਆ ਕਿ ਲਿੰਗ ਚੋਣ ਵਿਰੁੱਧ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ, ਨਿਰੰਤਰ ਨਿਗਰਾਨੀ ਅਤੇ ਸਮਾਜਿਕ ਜਾਗਰੂਕਤਾ ਰਾਹੀਂ ਹੀ ਧੀਆਂ ਲਈ ਸੁਰੱਖਿਅਤ ਅਤੇ ਬਰਾਬਰੀ ਵਾਲਾ ਮਾਹੌਲ ਸਿਰਜਿਆ ਜਾ ਸਕਦਾ ਹੈ।