ਲੋਕਾਂ ਦੀ ਸਿਹਤ ਨਾਲ ਨਹੀਂ ਹੋਣ ਦਿੱਤਾ ਜਾਵੇਗਾ ਖਿਲਵਾੜ : ਸੁਕਾਰ ਲੋਕਾਂ ਦੀ ਸਿਹਤ ਨਾਲ ਨਹੀਂ ਹੋਣ ਦਿੱਤਾ ਜਾਵੇਗਾ ਖਿਲਵਾੜ-ਸੁਖਦੀਪ ਸਿੰਘ ਸੁਕਾਰ
Publish Date: Mon, 14 Sep 2026 05:10 PM (IST)
Updated Date: Tue, 15 Sep 2026 04:05 AM (IST)
ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਲਿਆ ਬਾਇਓਗੈਸ ਪਲਾਂਟ ਜਾਡਲਾ ਦੇ ਵਿਰੋਧ ਚ ਡੱਟਣ ਦਾ ਫ਼ੈਸਲਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਰਕਾਰ ਅਤੇ ਨਿੱਜੀ ਅਦਾਰੇ ਦੇ ਸਹਿਯੋਗ ਨਾਲ ਕਸਬਾ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਨੂੰ ਇੱਥੇ ਨਾ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਇੱਕ ਤੇਲ ਕੰਪਨੀ ਵੱਲੋਂ ਕਸਬਾ ਜਾਡਲਾ ਵਿਖੇ ਬਾਇਓ ਗੈਸ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਲੱਗਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋਵੇਗਾ ਉੱਥੇ ਧਰਤੀ ਹੇਠਲਾ ਪਾਣੀ ਵੀ ਨੁਕਸਾਨਿਆ ਜਾਵੇਗਾ। ਜਿਸ ਕਾਰਨ ਇਸ ਪਲਾਂਟ ਨੂੰ ਲਗਾਉਣ ਤੋਂ ਪਹਿਲਾਂ ਲੋਕਾਂ ਦੀ ਰਾਏ ਲੈਣ ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਅਪੀਲ ਵੀ ਕੀਤੀ ਗਈ ਸੀ ਪਰ ਹੁਣ ਇਲਾਕੇ ਦੇ ਲੋਕਾਂ ਵੱਲੋਂ ਇਸ ਪਲਾਂਟ ਦਾ ਕੰਮ ਬੰਦ ਕਰਨ ਦੀ ਪੁਰਜੋਰ ਮੰਗ ਵੀ ਕੀਤੀ। ਉੁਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਜਾਰੀ ਸੰਘਰਸ਼ ਵਿਚ ਸ਼੍ਰੋਮਣੀ ਅਕਾਲੀ ਦਲ ਜੋਰਦਾਰ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬੰਗਾ ਹਲਕੇ ਸਮੇਤ ਹੋਰਨਾਂ ਥਾਵਾਂ ਤੇ ਲਗਾਏ ਪਲਾਂਟਾਂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਵੀ ਆਪ ਸਰਕਾਰ ਤੋਂ ਇਸ ਪਲਾਂਟ ਦੇ ਲਾਭ ਅਤੇ ਹਾਨੀ ਸਬੰਧੀ ਸਾਰੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪਿੰਡ ਘਗਰਾਣਾ ਰਾਜਪੂਤਾਂ ਵਿਖੇ ਅਜਿਹੀ ਹੀ ਫੈਕਟਰੀ ਲਗਾਉਣ ਕਾਰਨ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਨੂੰ ਲੱਗਣ ਦੇਣ ਦੀ ਮਨਜ਼ੂਰੀ ਦੇ ਕੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਨਾ ਹੈ। ਇਸ ਲਈ ਕਸਬਾ ਜਾਡਲਾ ਵੱਲੋਂ ਇਹ ਗਲਤੀ ਨਾ ਕੀਤੀ ਜਾਵੇ। ਕਿਉਂ ਕਿ ਫੈਕਟਰੀ ਅਤੇ ਪਲਾਂਟ ਚੋਂ ਉੱਠਦੀ ਬਦਬੂ ਕਾਰਨ ਲੋਕਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਇਹੇ ਨਹੀਂ ਇੱਥੋਂ ਨਿਕਲਦੇ ਕੀੜੇ, ਮੱਖੀ, ਮੱਛਰ ਅਤੇ ਹੋਰਨਾਂ ਨੂੰ ਦੇਖਦਿਆਂ ਉਨ੍ਹਾਂ ਦੇ ਇਲਾਕੇ ਚ ਰਹਿੰਦੇ ਮੁੰਡਿਆਂ ਲਈ ਰਿਸ਼ਤੇ ਨਹੀਂ ਆ ਰਹੇ ਹਨ, ਨਾ ਹੀ ਕੋਈ ਰਿਸ਼ਤੇਦਾਰ ਉਨ੍ਹਾਂ ਕੋਲ ਆਉਂਦੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਕਾਰਨ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਜਾਨਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਹਲਕੇ ਦੇ ਸਾਰੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੇ ਲੋਕਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਤਾਂ ਡੀਸੀ ਦਫਤਰ ਦੇ ਘੇਰਾਓ ਸਮੇਤ ਹੋਰਨਾਂ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਜਾਡਲਾ ਦੇ ਵਸਨੀਕਾਂ ਵੱਲੋਂ ਇਕ ਮਤੇ ਅਨੁਸਾਰ 2 ਅਦਾਰਿਆਂ ਨੂੰ ਪੇਡਾ ਅਤੇ ਗੇਨ ਨੂੰ ਦਿੱਤੀ ਗਈ। ਪਿੰਡ ਦੀ 12 ਕਿੱਲੇ 01 ਕਨਾਲ ਅਤੇ 10 ਮਰਲੇ ਪੰਚਾਇਤੀ ਜ਼ਮੀਨ ਜਿਸ ਦੇ ਕੋਲ ਇਹ ਅਦਾਰੇ ਹਨ। ਜਿਵੇਂ ਕਿ ਦਾਣਾ ਮੰਡੀ, ਕਮਿਉਨਿਟੀ ਹਾਲ, ਐੱਸਸੀ ਕਲੋਨੀ, ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਪਾਰਵਤੀ ਮੰਦਿਰ, ਪੀਰਾਂ ਦਾ ਅਸਥਾਨ, ਰਣਜੀਤ ਨਗਰ ਕਲੋਨੀ, ਮਾਰਕੀਟ ਅਤੇ ਉਸ ਦੇ ਨਾਲ ਲੱਗਦਾ ਸਾਰਾ ਨਗਰ ਇਹ ਸਾਡੀ ਜਮੀਨ 33 ਸਾਲ ਲਈ ਠੇਕੇ ਤੇ ਦੇ ਦਿੱਤੀ ਹੈ ਪਰ ਹੁਣ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਇਸ ਬਾਇਓਗੈਸ ਪਲਾਂਟ ਵਿਚੋਂ ਨਿਕਲਣ ਵਾਲੇ ਗੰਦੇ ਪਾਣੀ ਅਤੇ ਜ਼ਹਿਰੀਲੀ ਹਵਾ ਦਾ ਬਹੁਤ ਨੁਕਸਾਨ ਕਰੇਗਾ। ਇਸ ਕਰ ਕੇ ਸਾਰੇ ਪਿੰਡ ਵਾਸੀ ਮਿਤੀ 16 ਜੁਲਾਈ 2024 ਦੇ ਪਾਏ ਹੋਏ ਮਤੇ, ਜੋ ਕਿ ਸਰਾਸਰ ਗੈਰ-ਕਾਨੂੰਨੀ ਅਤੇ ਗ਼ਲਤ ਹੈ। ਜਿਸ ਕਾਰਨ ਇਸ ਮਤੇ ਨੂੰ ਸਰਵਸੰਮਤੀ ਨਾਲ ਵਾਪਸ ਲਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਇਸ 2 ਕਿਲੋਮੀਟਰ ਦੇ ਅੰਦਰ 5 ਗੁਰਦੁਆਰਾ ਸਾਹਿਬ ਅਤੇ 7 ਮੰਦਿਰ ਵੀ ਆਉਂਦੇ ਹਨ। ਜਿਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ। ਇਸ ਮੌਕੇ ਰਿਟਾ. ਡੀਈਓ ਦਿਨੇਸ਼ ਕੁਮਾਰ, ਸਾਬਕਾ ਚੇਅਰਮੈਨ ਦਿਲਦਾਰ ਸਿੰਘ ਬੱਬਰ ਮਜਾਰਾ ਸਮੇਤ ਹੋਰ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।