ਬੀਪੀਈਓ ਬੰਗਾ ਖ਼ਿਲਾਫ਼ ਡੀਈਓ ਨੂੰ ਦਿੱਤਾ ਸ਼ਿਕਾਇਤ ਪੱਤਰ ਬੀਪੀਈਓ ਬੰਗਾ ਖਿਲਾਫ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਸ਼ਿਕਾਇਤ ਪੱਤਰ
Publish Date: Tue, 04 Aug 2026 04:07 PM (IST)
Updated Date: Tue, 04 Aug 2026 04:07 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਸਬੰਧੀ ਸਟੇਟ ਜੁਆਇੰਟ ਸਕੱਤਰ ਮੁਕੇਸ਼ ਕੁਮਾਰ ਗੁਜਰਾਤੀ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਔਜਲਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਨੂੰ ਬੀਪੀਈਓ ਬੰਗਾ ਦੇ ਖਿਲਾਫ ਸ਼ਿਕਾਇਤ ਪੱਤਰ ਦਿੱਤਾ। ਬੀਪੀਈਓ ਬੰਗਾ ਦੀਆਂ ਆਪਹੁਦਰੀਆਂ ਸਬੰਧੀ ਗੱਲ ਕਰਦਿਆਂ ਜਸਵਿੰਦਰ ਔਜਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਅਜੇ ਕੁਮਾਰ ਚਾਹੜ ਮਜਾਰਾ ਅਤੇ ਸ਼ੰਕਰ ਦਾਸ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਬੀਪੀਈਓ ਬੰਗਾ ਵੱਲੋਂ ਅਧਿਆਪਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਜਿਸ ਕੜੀ ਤਹਿਤ ਹੀ ਪਿਛਲੀ 30 ਜੁਲਾਈ 2026 ਨੂੰ ਬਿਨਾਂ ਕਿਸੇ ਸੂਚਨਾ ਦੇ ਦਫ਼ਤਰ ਤੋਂ ਗੈਰ-ਹਾਜ਼ਰ ਰਹੇ ਹਨ ਅਤੇ ਬਦਲੀ ਕਰਵਾ ਚੁੱਕੇ ਅਧਿਆਪਕ ਫਾਰਗੀ ਲਈ ਖੱਜਲ-ਖੁਆਰ ਹੁੰਦੇ ਰਹੇ। ਇਸ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਦੱਸਿਆ ਕਿ ਬੀਪੀਈਓ ਵੱਲੋਂ ਬੀਆਰਐੱਸ ਅਪਲਾਈ ਕੀਤੀ ਹੋਈ ਹੈ, ਜਿਸ ਦੀ ਮਿਆਦ 30 ਜੂਨ ਨੂੰ ਖਤਮ ਹੋ ਚੁੱਕੀ ਹੈ ਪਰ ਮੁੱਖ ਦਫ਼ਤਰ ਵੱਲੋਂ ਮਨਜ਼ੂਰੀ ਨਾ ਆਉਣ ਕਰ ਕੇ ਉਹ ਅਜੇ ਵੀ ਸੇਵਾਵਾਂ ਦੇ ਰਹੇ ਹਨ। ਜੋ ਅਣ-ਅਧਿਕਾਰਤ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਬਦਲੀਆਂ ਸਬੰਧੀ ਚਰਚਾ ਕੀਤੀ ਗਈ। ਇਸ ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋ ਦੱਸਿਆ ਗਿਆ ਕਿ ਜੋ ਬਦਲੀਆਂ ਲਾਗੂ ਨਹੀ ਹੋਈਆਂ ਉਹ ਐੱਸਆਈਆਰ ਤੇ ਕੰਪਲੈਕਸ ਸਕੂਲਾਂ ਦੇ 50 ਫ਼ੀਸਦੀ ਸਟਾਫ ਦੀ ਸ਼ਰਤ ਪੂਰੀ ਨਾ ਹੋਣ ਕਰ ਕੇ ਲਾਗੂ ਨਹੀਂ ਹੋਈਆਂ। ਬਾਕੀ ਯੋਗ ਬਦਲੀਆਂ ਦੀ ਪ੍ਰਕਿਰਿਆ ਵਧੀਆ ਚੱਲ ਰਹੀ ਹੈ। ਤੀਜੇ ਗੇੜ ਦੀਆਂ ਬਦਲੀਆਂ ਵਿਚ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਸ ਤੋਂ ਉਪਰੰਤ 2018 ਵਿਚ ਐੱਚਟੀ ਤੋਂ ਸੀਐੱਚਟੀਜ਼ ਦੀ ਪਦਉੱਨਤੀ ਜੋ ਬਣਦੀ ਸੀ, ਉਹ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਮੌਕਾ ਨਾ ਦੇਣ ਕਰ ਕੇ ਪ੍ਰਮੋਟ ਹੋਣ ਤੋਂ ਰਹਿ ਗਏ। ਐੱਚਟੀਜ਼ ਜੋ ਕਿ ਹੁਣ ਸੀਐੱਚਟੀਜ਼ ਹਨ, ਨੂੰ ਨੋਸ਼ਨਲ ਆਧਾਰ ’ਤੇ ਬੀਪੀਈਓ ਦੀ ਪਦਉੱਨਤੀ ਲਈ ਵਿਚਾਰਨ ਦੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਗਈ। ਇਸ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਡੀਐੱਸਈ ਦਫ਼ਤਰ ਤੋਂ ਅਗਵਾਈ ਲੈ ਕੇ ਅਗਲੀ ਕਾਰਵਾਈ ਉਲੀਕਣ ਦਾ ਭਰੋਸਾ ਦਿਵਾਇਆ। ਵਫ਼ਦ ਵਿਚ ਮਨੋਹਰ ਲਾਲ ਜ਼ਿਲ੍ਹਾ ਸਕੱਤਰ, ਭੁਪਿੰਦਰ ਸੜੋਆ, ਸਤਨਾਮ ਮੀਰਪੁਰੀ, ਜਗਦੀਪ ਸੈਂਪਲੇ, ਮਨਜੀਤ ਰਾਮ ਚਾਹਲ, ਰਾਜ ਕੁਮਾਰ ਮੇਹਲੀ, ਹਰਮਨਦੀਪ ਕੌਰ, ਗੁਰਪ੍ਰੀਤ ਕੰਬੋਜ ਅਤੇ ਹੋਰ ਅਧਿਆਪਕ ਆਦਿ ਹਾਜ਼ਰ ਸਨ।