ਮੁਕਾਬਲੇ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਵਧਾਉਂਦੇ ਹਨ : ਸ਼ੇਰਗਿੱਲ ਮੁਕਾਬਲੇ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਵਧਾਉਂਦੇ ਹਨ-ਗੁਰਚਰਨ ਸਿੰਘ ਸ਼ੇਰਗਿੱਲ
Publish Date: Sat, 31 Oct 2026 03:45 PM (IST)
Updated Date: Sat, 31 Oct 2026 03:47 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਜ਼ੋਨਲ ਯੂਥ ਫੈਸਟੀਵਲ ਵਿਚ ਸਰਕਾਰੀ, ਐਸੋਸੀਏਟਡ ਅਤੇ ਯੂਨੀਵਰਸਿਟੀ ਕਾਲਜਾਂ ਦੇ ਜ਼ੋਨ ਵਿਚ ਅਮਰਦੀਪ ਕਾਲਜ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਮੁਜਾਹਰਾ ਕਰਦਿਆਂ ਅਨੇਕਾਂ ਪੁਜੀਸ਼ਨਾਂ ਹਾਸਲ ਕੀਤੀਆਂ। ਯੂਥ ਫੈਸਟੀਵਲਾਂ ਵਿਚ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਅਤੇ ਉਸ ਨੂੰ ਹੋਰ ਨਿਖ਼ਾਰਨ ਦਾ ਮੌਕਾ ਮਿਲਦਾ ਹੈ। ਇਨ੍ਹਾਂ ਯੂਥ ਫੈਸਟੀਵਲਾਂ ਵਿਚ ਲਿਟਰੇਰੀ, ਥੀਏਟਰ, ਫਾਈਨ ਆਰਟਸ ਅਤੇ ਹੋਰ ਅਨੇਕਾਂ ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।।ਇਸ ਦੇ ਕਈ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਕਾਲਜ ਵਿਦਿਆਰਥੀਆਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਇਲੋਕਿਊਸ਼ਨ ਪੰਜਾਬੀ ਵਿਚ ਐਮਬੀਏ ਤੀਜਾ ਸਮੈਸਟਰ ਦੇ ਵਿਦਿਆਰਥੀ ਹਰਪ੍ਰੀਤ ਰੱਤੂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅਵਨੀਤ ਮਹਿਮੀ ਬੀਏ ਪੰਜਵਾਂ ਸਮੈਸਟਰ ਦੀ ਵਿਦਿਆਰਥਣ ਨੇ ਕਾਵਿ-ਉਚਾਰਣ ਮੁਕਾਬਲੇ ਵਿਚ ਆਪਣੀ ਲਿਖੀ ਕਵਿਤਾ ਪੇਸ਼ ਕਰਕੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਇਨ੍ਹਾਂ ਦੋਵਾਂ ਵਿਦਿਆਰਥੀਆਂ ਨੇ ਪੰਜਾਬੀ ਵਿਚ ਹੋਈ ਡੀਬੇਟ ਵਿਚ ਹਿੱਸਾ ਲੈਦਿਆਂ ਤੀਜਾ ਸਥਾਨ ਹਾਸਲ ਕੀਤਾ। ਜਦੋਂਕਿ ਅੰਗਰੇਜ਼ੀ ਵਿਚ ਹੋਈ ਡੀਬੇਟ ਵਿਚ ਬੀਐੱਸਸੀ ਨਾਨ-ਮੈਡੀਕਲ ਪੰਜਵਾਂ ਸਮੈਸਟਰ ਦੀ ਵਿਦਿਆਰਥਣ ਹਰਲੀਨ ਕੌਰ ਅਤੇ ਬੀਐੱਸਸੀ ਮੈਡੀਕਲ ਪਹਿਲਾ ਸਮੈਸਟਰ ਦੇ ਵਿਦਿਆਰਥੀ ਅਨੀਰੁੱਧ ਨੇ ਦੂਜਾ ਸਥਾਨ ਹਾਸਿਲ ਕੀਤਾ। ਲੋਕ ਗੀਤਾਂ ਦੀ ਪੇਸ਼ਕਾਰੀ ਵਿਚ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਸੁਖਰਾਜ ਸਿੰਘ ਨੇ ਆਪਣੀ ਖੂਬਸੂਰਤ ਪੇਸ਼ਕਾਰੀ ਨਾਲ਼ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਗਰੁੱਪ ਸ਼ਬਦ ਵਿਚ ਹਿੱਸਾ ਲੈਂਦਿਆਂ ਹੋਇਆ ਸਾਹਿਲ ਅਤੇ ਨੇਹਾ ਬੀਏ ਸਮੈਸਟਰ ਪੰਜਵਾਂ, ਨੇਹਾ, ਮੁਸਕਾਨ ਅਤੇ ਪਵਨਦੀਪ ਸਿੰਘ ਬੀਏ ਸਮੈਸਟਰ ਤੀਜਾ ਅਤੇ ਸੁੱਖਰਾਜ ਸਿੰਘ ਬੀਏ ਸਮੈਸਟਰ ਪਹਿਲਾ ਨੇ ਇਸ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਹੁਣ ਨਵੰਬਰ ਵਿਚ ਹੋਣ ਵਾਲੇ ਇੰਟਰ ਜੋਨਲ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਇਸ ਮੌਕੇ ਅਮਰਦੀਪ ਸੰਸਥਾਵਾਂ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਅਤੇ ਪੀਟੀਏ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਢੀਂਡਸਾ, ਪ੍ਰਿੰ. ਮਨਜੀਤ ਸਿੰਘ, ਡਾ.ਨਿਰਦੋਸ਼ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।