- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪਸ ਸੋਨਾ ਦੇ ਵਿਦਿਆਰਥੀਆਂ ਨੂੰ ਰੰਗਦਾਰ ਟੀ-ਸ਼ਰਟਾਂ ਭੇਂਟ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਦੇ ਵਿਦਿਆਰਥੀਆਂ ਲਈ ਰੋਟਰੀ ਕਲੱਬ ਬੰਗਾ ਵੱਲੋਂ 84 ਰੰਗਦਾਰ ਟੀ-ਸ਼ਰਟਾਂ ਸਕੂਲ ਯੂਨੀਫਾਰਮ ਵਜੋਂ ਭੇਟ ਕੀਤੀਆਂ ਗਈਆਂ। ਸਕੂਲ ਦੀ ਮੁੱਖ ਅਧਿਆਪਕਾ ਰੋਮੀਲਾ ਕੁਮਾਰੀ ਵੱਲੋਂ ਰੋਟੇਰੀਅਨ ਇੰਦਰਜੀਤ ਸਿੰਘ ਰਾਹੀਂ ਰੋਟਰੀ ਕਲੱਬ ਬੰਗਾ ਨੂੰ ਵਿਦਿਆਰਥੀਆਂ ਲਈ ਰੰਗਦਾਰ ਟੀ-ਸ਼ਰਟਾਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਜਿਸ ਨੂੰ ਕਲੱਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਵੱਲੋਂ ਸਵੀਕਾਰ ਕਰਦਿਆਂ ਸਾਰੇ 84 ਵਿਦਿਆਰਥੀਆਂ ਲਈ ਟੀ-ਸ਼ਰਟ ਯੂਨੀਫਾਰਮ ਮੁਹੱਈਆ ਕਰਵਾਈਆਂ। ਪਿੰਡ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਨੇ ਸਿੱਖਿਆ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਿੰਡਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ।
ਉਨ੍ਹਾਂ ਅਧਿਆਪਕਾਂ, ਪ੍ਰਵਾਸੀ ਭਾਰਤੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਕੂਲ ਦੇ ਸਾਬਕਾ ਹੈੱਡ ਮਾਸਟਰ ਜਸਵੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਹਮੇਸ਼ਾ ਮੋਹਰੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਸਕੂਲ ਦੇ 2-3 ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖਲਾ ਹਾਸਲ ਕਰਦੇ ਹਨ, ਜੋ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਪ੍ਰਮਾਣ ਹੈ। ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਰੋਟੇਰੀਅਨ ਸ਼ਰਨਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ-ਨਿਰਦੇਸ਼ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਮੁੱਖ ਅਧਿਆਪਕਾ ਰੋਮੀਲਾ ਕੁਮਾਰੀ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ, ਪ੍ਰਵਾਸੀ ਭਾਰਤੀਆਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਦੀ ਸਾਂਭ-ਸੰਭਾਲ, ਸੁੰਦਰਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਰੋਟਰੀ ਕਲੱਬ ਬੰਗਾ, ਪ੍ਰਵਾਸੀ ਭਾਰਤੀਆਂ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੀ ਭਲਾਈ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਬੱਚਿਆਂ ਵਿਚ ਨਵਾਂ ਉਤਸ਼ਾਹ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸੁਰਿੰਦਰ ਸਿੰਘ ਢੀਂਡਸਾ, ਰਾਜ ਕੁਮਾਰ, ਸੁਰਿੰਦਰ ਪਾਲ ਖੇਪਰ, ਅਨਿਲ ਕਟਾਰੀਆ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ ਮਾਨ, ਐਨਆਰਆਈ ਹੁਕਮ ਸਿੰਘ ਯੂਐਸਏ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਗੁਰਪਾਲ ਸਿੰਘ ਜੌਹਲ, ਗੁਰਬਖਸ਼ ਸਿੰਘ ਜੌਹਲ, ਹਰਵਿੰਦਰ ਸਿੰਘ, ਬਲਬੀਰ ਸਿੰਘ, ਸਾਬਕਾ ਹੈੱਡ ਮਾਸਟਰ ਜਸਵੰਤ ਸਿੰਘ, ਮੁੱਖ ਅਧਿਆਪਕਾ ਰੋਮੀਲਾ ਕੁਮਾਰੀ, ਮਨਜੀਤ ਕੌਰ, ਹਰਵਿੰਦਰ ਕੌਰ, ਹਰਸ਼ਵਿੰਦਰ ਕੁਮਾਰ, ਹਰਵਿੰਦਰ ਸਿੰਘ, ਲੀਨਾ ਸ਼ਰਮਾ, ਕੁਲਵਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।