ਸਿਵਲ ਸਰਜਨ ਵੱਲੋਂ ਡੇਂਗੂ ਵਿਰੋਧੀ ਸਰਗਰਮੀਆਂ ਦਾ ਨਿਰੀਖਣ ਸਿਵਲ ਸਰਜਨ ਵੱਲੋਂ ਦੌਰਾ ਕਰਕੇ ਡੇਂਗੂ ਵਿਰੋਧੀ ਗਤੀਵਿਧੀਆਂ ਦਾ ਨਿਰੀਖਣ
Publish Date: Thu, 01 Oct 2026 04:29 PM (IST)
Updated Date: Thu, 01 Oct 2026 04:31 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਵਲ ਸਰਜਨ ਡਾ. ਅਮਨ ਸੂਦ ਨੇ ਸ਼ਹਿਰੀ ਇਲਾਕੇ ਨਵਾਂਸ਼ਹਿਰ ਦੇ ਵਿਕਾਸ ਨਗਰ ਖੇਤਰ ਦਾ ਦੌਰਾ ਕਰ ਕੇ ਡੇਂਗੂ ਵਿਰੋਧੀ ਸਰਗਰਮੀਆਂ ਦਾ ਨਿਰੀਖਣ ਕੀਤਾ। ਉਨ੍ਹਾਂ ਸਿਹਤ ਟੀਮਾਂ ਵੱਲੋਂ ਕੀਤੇ ਜਾ ਰਹੇ ਲਾਰਵਾ ਸਰਵੇਖਣ, ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਜਾਂਚ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਦਿੱਤੀ ਜਾ ਰਹੀ ਜਾਗਰੂਕਤਾ ਦਾ ਜਾਇਜ਼ਾ ਲਿਆ। ਉਨ੍ਹਾਂ ਨਰਸਿੰਗ ਵਿਦਿਆਰਥੀਆਂ ਅਤੇ ਲਾਰਵਾ ਜਾਂਚ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿਚ ਪੂਰੀ ਜ਼ਿੰਮੇਵਾਰੀ ਅਤੇ ਗੰਭੀਰਤਾ ਨਾਲ ਕੰਮ ਕਰਨ ਤਾਂ ਜੋ ਡੇਂਗੂ ਦੀ ਬਿਮਾਰੀ ਨੂੰ ਕਾਬੂ ਵਿਚ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜਿੱਥੇ ਵੀ ਡੇਂਗੂ ਮੱਛਰ ਦੇ ਲਾਰਵੇ ਜਾਂ ਪ੍ਰਜਨਨ ਲਈ ਅਨੁਕੂਲ ਸਥਾਨ ਮਿਲਣ, ਉੱਥੇ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿਰਫ਼ ਦਵਾਈਆਂ ਜਾਂ ਇਲਾਜ ’ਤੇ ਨਿਰਭਰ ਰਹਿਣ ਦੀ ਬਜਾਏ ਮੱਛਰ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨਾ ਸਭ ਤੋਂ ਅਹਿਮ ਹੈ। ਇਸ ਲਈ ਕੂਲਰਾਂ, ਗਮਲਿਆਂ ਦੀਆਂ ਟਰੇਆਂ, ਪਾਣੀ ਵਾਲੇ ਕੰਟੇਨਰਾਂ, ਟਾਇਰਾਂ, ਟੁੱਟੇ ਬਰਤਨਾਂ, ਛੱਤਾਂ ’ਤੇ ਪਏ ਕਬਾੜ ਅਤੇ ਹੋਰ ਅਜਿਹੀਆਂ ਥਾਵਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਜਿੱਥੇ ਪਾਣੀ ਇਕੱਠਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਵਿਰੁੱਧ ਲੜਾਈ ਵਿਚ ਹਰ ਘਰ ਅਤੇ ਹਰ ਨਾਗਰਿਕ ਦੀ ਭੂਮਿਕਾ ਮਹੱਤਵ ਪੂਰਨ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਾਰਵਾ ਸਰਵੇਖਣ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਲਈ ਪ੍ਰੇਰਿਤ ਕੀਤਾ ਜਾਵੇ। ਸਿਵਲ ਸਰਜਨ ਨੇ ਨਰਸਿੰਗ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਉਹ ਫੀਲਡ ਵਿਚ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਡੇਂਗੂ ਦੇ ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਮੱਛਰ ਦੇ ਪ੍ਰਜਨਨ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ। ਉਨ੍ਹਾਂ ਜ਼ੋਰ ਦਿੱਤਾ ਕਿ ਫੀਲਡ ਵਿਚ ਕੀਤੀ ਜਾ ਰਹੀ ਹਰ ਸਰਗਰਮੀ ਦਾ ਸਹੀ ਰਿਕਾਰਡ ਰੱਖਿਆ ਜਾਵੇ ਅਤੇ ਮਿਲੇ ਲਾਰਵੇ ਦੇ ਮਾਮਲਿਆਂ ਦੀ ਨਿਗਰਾਨੀ ਕਰ ਕੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਕਿਹਾ ਕਿ ਹਰ ਸ਼ੁੱਕਰਵਾਰ ਘਰਾਂ ਅਤੇ ਆਲੇ-ਦੁਆਲੇ ਦੀ ਜਾਂਚ ਕਰ ਕੇ ਪਾਣੀ ਇਕੱਠਾ ਕਰਨ ਵਾਲੇ ਸਥਾਨਾਂ ਨੂੰ ਖਾਲੀ, ਸਾਫ਼ ਅਤੇ ਸੁੱਕਾ ਰੱਖਣਾ ਡੇਂਗੂ ਰੋਕਥਾਮ ਦੀ ਕੁੰਜੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਜਾਂ ਜੋੜਾਂ ਵਿਚ ਦਰਦ ਅਤੇ ਚਮੜੀ ਤੇ ਧੱਫੜ ਵਰਗੇ ਲੱਛਣ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ, ਜੋਗਿੰਦਰ ਪਾਲ ਸਿੰਘ ਤੇ ਹੋਰ ਮੌਜੂਦ ਸਨ।