ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕੀਤਾ ਅਚਨਚੇਤ ਨਿਰੀਖਣ ਸਿਵਲ ਸਰਜਨ ਵੱਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕੀਤਾ ਅਚਨਚੇਤ ਨਿਰੀਖਣ
Publish Date: Mon, 02 Nov 2026 04:14 PM (IST)
Updated Date: Mon, 02 Nov 2026 04:17 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਹਤ ਸੇਵਾਵਾਂ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਅਤੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦਾ ਅਚਨਚੇਤ ਦੌਰਾ ਕੀਤਾ। ਜਿਸ ਦੌਰਾਨ ਉਨ੍ਹਾਂ ਹਸਪਤਾਲ ਦੇ ਸਮੁੱਚੇ ਕੰਮ-ਕਾਜ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਹਸਪਤਾਲ ਪਹੁੰਚਣ ਤੇ ਸਮੁੱਚੇ ਸਟਾਫ਼ ਵੱਲੋਂ ਨਵੇਂ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਵੱਖ-ਵੱਖ ਵਿਭਾਗਾਂ ਵਿਚ ਜਾ ਕੇ ਇਲਾਜ ਪ੍ਰਬੰਧਾਂ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਐਮਰਜੈਂਸੀ ਸੇਵਾਵਾਂ, ਮਰੀਜ਼ਾਂ ਦੀ ਦੇਖ-ਭਾਲ, ਸਾਫ਼-ਸਫ਼ਾਈ ਪ੍ਰਬੰਧਾਂ ਅਤੇ ਸਿਹਤ ਸਹੂਲਤਾਂ ਦੀ ਉਪਲੱਬਧਤਾ ਦੀ ਪੜਤਾਲ ਕੀਤੀ। ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ“ਸਰਕਾਰੀ ਹਸਪਤਾਲ ਵਿਚ ਆਉਣ ਵਾਲੇ ਹਰ ਮਰੀਜ਼ ਨੂੰ ਸਮੇਂ ਸਿਰ ਅਤੇ ਮਿਆਰੀ ਇਲਾਜ ਦੇਣਾ ਸਿਹਤ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਿਯਮਿਤ ਸਮੀਖਿਆ ਅਤੇ ਨਿਗਰਾਨੀ ਜਾਰੀ ਰਹੇਗੀ। ਉਨ੍ਹਾਂ ਸਟਾਫ਼ ਨੂੰ ਸਖ਼ਤ ਹਦਾਇਤ ਕੀਤੀ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਨਿਮਰਤਾ, ਸੰਵੇਦਨਸ਼ੀਲਤਾ ਅਤੇ ਸਹਿਯੋਗ ਵਾਲਾ ਵਿਵਹਾਰ ਕੀਤਾ ਜਾਵੇ। ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਕੁਮਾਰ ਬਸਰਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।