ਸਿਵਲ ਸਰਜਨ ਵੱਲੋਂ ਸੀਐੱਚਸੀ ਮੁਕੰਦਪੁਰ ਦੀ ਅਚਾਨਕ ਚੈਕਿੰਗ ਸਿਵਲ ਸਰਜਨ ਵੱਲੋਂ ਸੀਐੱਚਸੀ ਮੁਕੰਦਪੁਰ ਦੀ ਅਚਨਚੇਤ ਚੈਕਿੰਗ
Publish Date: Thu, 15 Oct 2026 03:32 PM (IST)
Updated Date: Thu, 15 Oct 2026 03:33 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਵਲ ਸਰਜਨ ਡਾ. ਅਮਨ ਸੂਦ ਵੱਲੋਂ ਸੀਐੱਚਸੀ ਮੁਕੰਦਪੁਰ ਦਾ ਅਚਾਨਕ ਦੌਰਾ ਕਰ ਕੇ ਸੰਸਥਾ ਦੇ ਸਮੁੱਚੇ ਕੰਮਕਾਜ, ਸਿਹਤ ਸੇਵਾਵਾਂ ਦੀ ਉਪਲਬਧਤਾ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੀਨਾ ਸ਼ਾਂਤ ਸਮੇਤ ਸਮੁੱਚੇ ਸਟਾਫ ਵੱਲੋਂ ਪਹਿਲੀ ਵਾਰ ਹਸਪਤਾਲ ਆਉਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਨਿਰੀਖਣ ਦੌਰਾਨ ਸਿਵਲ ਸਰਜਨ ਨੇ ਓਪੀਡੀ, ਐਮਰਜੈਂਸੀ, ਲੇਬਰ ਰੂਮ, ਲੈਬਾਰਟਰੀ, ਫਾਰਮੇਸੀ ਅਤੇ ਟੀਕਾਕਰਨ ਸੈਕਸ਼ਨ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਡਾਕਟਰਾਂ ਅਤੇ ਸਟਾਫ਼ ਦੀ ਹਾਜ਼ਰੀ, ਦਵਾਈਆਂ ਤੇ ਜ਼ਰੂਰੀ ਸਾਜ਼ੋ-ਸਾਮਾਨ ਦੀ ਉਪਲੱਬਧਤਾ, ਮਰੀਜ਼ਾਂ ਦੇ ਰਿਕਾਰਡ, ਸਾਫ਼-ਸਫ਼ਾਈ ਅਤੇ ਬਾਇਓ-ਮੈਡੀਕਲ ਵੇਸਟ ਦੇ ਪ੍ਰਬੰਧਾਂ ਦੀ ਵੀ ਜਾਂਚ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਾਜ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਮਿਲ ਰਹੀਆਂ ਸਹੂਲਤਾਂ ਬਾਰੇ ਫੀਡ ਬੈਕ ਵੀ ਲਿਆ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਨਿਮਰਤਾ ਅਤੇ ਹਮਦਰਦੀ ਨਾਲ ਪੇਸ਼ ਆਇਆ ਜਾਵੇ ਅਤੇ ਕਿਸੇ ਵੀ ਮਰੀਜ਼ ਨੂੰ ਇਲਾਜ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਸੰਸਥਾ ਵਿਚ ਸਾਫ਼-ਸਫ਼ਾਈ ਬਣਾਈ ਰੱਖਣ, ਮੁਫ਼ਤ ਦਵਾਈਆਂ ਤੇ ਜਾਂਚਾਂ ਦੀ ਸਹੂਲਤ ਸੁਚਾਰੂ ਢੰਗ ਨਾਲ ਦੇਣ ਅਤੇ ਸਾਰਾ ਰਿਕਾਰਡ ਸਮੇਂ ਸਿਰ ਅਪਡੇਟ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੱਚਾ-ਬੱਚਾ ਸਿਹਤ ਸੇਵਾਵਾਂ ਅਤੇ ਰੋਕਥਾਮ ਵਾਲੇ ਪ੍ਰੋਗਰਾਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪਹਿਲੀ ਤਰਜੀਹ ਹੈ ਅਤੇ ਇਸ ਵਿਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਅਚਾਨਕ ਨਿਰੀਖਣ ਜਾਰੀ ਰਹਿਣਗੇ।