ਨਾਗਰਿਕ ਸੀਐੱਸਸੀ ਤੇ ਬੀਐਲਸੀ ਕੇਂਦਰਾਂ 'ਤੇ ਜਾ ਕੇ ਕਰਵਾਉਣ ਰਜਿਸਟ੍ਰੇਸ਼ਨ : ਡਿਪਟੀ ਕਮਿਸ਼ਨਰ
ਨਾਗਰਿਕ ਸੀਐੱਸਸੀ ਤੇ ਬੀਐਲਸੀ ਕੇਂਦਰਾਂ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ-ਡਿਪਟੀ ਕਮਿਸ਼ਨਰ
Publish Date: Mon, 23 Feb 2026 06:05 PM (IST)
Updated Date: Tue, 24 Feb 2026 04:07 AM (IST)

10 ਲੱਖ ਰੁਪਏ ਤੱਕ ਦੇ ਡਾਕਟਰੀ ਇਲਾਜ ਦੀ ਸਹੂਲਤ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੋਕ ਆਪਣੇ ਨੇੜਲੇ ਸੀਐੱਸਸੀ ਅਤੇ ਬੀਐਲਸੀ ਕੇਂਦਰ ਤੋਂ ਆਪਣੇ ਹੈਲਥ ਕਾਰਡ ਜਾ ਕੇ ਬਣਾ ਸਕਦੇ ਹਨ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰ ਵੱਲੋਂ ਤੁਰੰਤ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਲਈ ਇਹ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਨੂੰ ਪਹਿਲਾਂ ਕੋਈ ਵੀ ਪਰਚੀ ਕਟਵਾਉਣ ਦੀ ਜ਼ਰੂਰਤ ਨਹੀਂ ਹੈ, ਉਹ ਸਿੱਧੇ ਆਪਣੇ ਨੇੜੇ ਦੇ ਸੀਐਸਸੀ (ਕਾਮਨ ਸਰਵਿਸ ਸੈਂਟਰ) ਕੇਂਦਰ ਤੋਂ ਆਪਣੇ ਹੈਲਥ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਾਕ ਪੱਧਰ ਤੇ ਵੀ ਸੋਮਵਾਰ ਤੋਂ ਐਤਵਾਰ ਤੱਕ ਕੈਂਪ ਲਗਾਏ ਜਾ ਰਹੇ ਹਨ ਅਤੇ ਉਹ ਇਨ੍ਹਾਂ ਕੈਂਪ ਵਿਚ ਵੀ ਆਪਣੇ ਹੈਲਥ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀ ਰਾਜ ਭਰ ਦੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਡਾਕਟਰੀ ਇਲਾਜ ਦੀ ਸਹੂਲਤ ਦੇ ਹੱਕਦਾਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਯੋਜਨਾ ਸਾਰਿਆਂ ਲਈ ਹੈ। ਜਿਸ ਦਾ ਹਰ ਕਿਸੇ ਨੂੰ ਲਾਭ ਹੋਵੇਗਾ ਅਤੇ ਹਰ ਕੋਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਸਕੇਗਾ। ਉਨ੍ਹਾਂ ਦੱਸਿਆ ਕਿ ਸਿਹਤ ਯੋਜਨਾ ਵਿਚ ਨਾਜ਼ੁਕ ਦੇਖਭਾਲ, ਕੀਮੋਥੈਰੇਪੀ, ਡਿਲੀਵਰੀ ਅਤੇ ਹਰ ਤਰ੍ਹਾਂ ਦੀਆਂ ਸਰਜਰੀਆਂ ਤੇ ਐਡਵਾਂਸਡ ਸਰਜਰੀਆਂ ਵੀ ਸ਼ਾਮਲ ਹਨ। ਇਸ ਸਕੀਮ ਵਿਚ ਹਸਪਤਾਲ ਜਾਣ ਵੇਲੇ ਸਾਰੇ ਟੈਸਟਾਂ, ਦਵਾਈਆਂ ਅਤੇ ਸਰਜਰੀਆਂ ਦੀ ਪੂਰੀ ਲਾਗਤ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਲੈਣ ਅਤੇ ਆਪਣਾ ਹੈਲਥ ਕਾਰਡ ਜ਼ਰੂਰ ਬਣਵਾਉਣ। ਉਨ੍ਹਾਂ ਕਿਹਾ ਕਿ ਹੈਲਥ ਕਾਰਡ ਬਣਵਾਉਣ ਲਈ ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਨਾਲ ਲੈ ਜਾਣਾ ਲਾਜ਼ਮੀ ਹੈ।