ਪੌਲੀਥੀਨ ਦੇ ਪਾਬੰਦੀਸ਼ੁਦਾ ਲਿਫਾਫਿਆਂ ਦੀ ਰੋਕਥਾਮ ਲਈ ਚਲਾਈ ਚੈਕਿੰਗ ਮੁਹਿੰਮ ਪਲਾਸਟਿਕ ਦੇ ਪਾਬੰਦੀਸ਼ੂਦਾ ਲਿਫਾਫਿਆਂ ਦੀ ਰੋਕਥਾਮ ਲਈ ਚਲਾਈ ਚੈਕਿੰਗ ਮੁਹਿੰਮ
Publish Date: Thu, 20 Aug 2026 05:28 PM (IST)
Updated Date: Thu, 20 Aug 2026 05:30 PM (IST)
- ਇਕ ਦਰਜਨ ਤੋਂ ਵੱਧ ਦੁਕਾਨਾਂ ਦੀ ਕੀਤੀ ਚੈਕਿੰਗ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਗਲੀਆਂ, ਮੁਹੱਲਿਆਂ ਅਤੇ ਕੂੜੇ ਦੇ ਢੇਰ ’ਚੋਂ ਨਜ਼ਰ ਆ ਰਹੇ ਪੌਲੀਥੀਨ ਦੇ ਲਿਫਾਫਿਆਂ ਕਾਰਨ ਫੈਲ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰਾਂ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੀ ਟੀਮ ਵੱਲੋਂ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ, ਦੁਕਾਨਾਂ ਅਤੇ ਰੇਹੜੀਆਂ ਤੇ ਸਾਮਾਨ ਦੀ ਖ਼ਰੀਦਦਾਰੀ ਕਰਨ ਉਪਰੰਤ ਸਾਮਾਨ ਲਿਜਾਉਣ ਲਈ ਗਾਹਕਾਂ ਨੂੰ ਦਿੱਤੇ ਜਾਂਦੇ ਪਲਾਸਟਿਕ ਦੇ ਬੈਗਜ਼ ਦੀ ਰੋਕਥਾਮ ਲਈ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਵਿਚ ਦੁਕਾਨਦਾਰਾਂ ਨੂੰ ਰਿਸਾਈਕਲਡ ਪੌਲੀਥੀਨ ਬੈਗ ਦੀ ਵਰਤੋਂ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਦੁਕਾਨਾਂ ਅਤੇ ਰੇਹੜੀਆਂ ਤੋਂ ਪਲਾਸਟਿਕ ਦੇ ਲਿਫਾਫੇ ਬਰਾਮਦ ਕਰ ਕੇ ਚਾਲਾਨ ਕੱਟਣ ਦੀ ਕਾਰਵਾਈ ਵੀ ਕੀਤੀ ਗਈ। ਟੀਮ ਵਿਚ ਸ਼ਾਮਲ ਆਈਈਸੀ ਸ਼ਬਨਮ, ਨਗਰ ਕੌਂਸਲ ਮੁਲਾਜ਼ਮ ਚੰਦਨ ਸਹੋਤਾ, ਡੌਲੀ ਕੰਬੋਜੀਆ, ਦੀਪਕ ਕੁਮਾਰ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਵੀ ਦੁਕਾਨਦਾਰਾਂ ਤੋਂ ਪੌਲੀਥੀਨ ਦੇ ਬੈਗ ਲੈਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਸਾਮਾਨ ਦੀ ਖ਼ਰੀਦਦਾਰੀ ਕਰਨ ਸਮੇਂ ਆਪਣੇ ਨਾਲ ਕੱਪੜੇ ਦੇ ਥੈਲੇ ਨਾਲ ਲਿਆਉਣੇ ਚਾਹੀਦੇ ਹਨ ਤਾਂ ਜੋਂ ਪੌਲੀਥੀਨ ਦੇ ਬੈਗ ਦੀ ਵਰਤੋਂ ਰੋਕੀ ਜਾ ਸਕੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ, ਰੇਹੜੀਆਂ, ਫੜੀਆਂ ਅਤੇ ਆਮ ਲੋਕਾਂ ਵੱਲੋਂ ਕੂੜੇ ਅਤੇ ਨਾਲੀਆਂ ਵਿਚ ਸੁੱਟੇ ਜਾ ਰਹੇ ਪੌਲੀਥੀਨ ਦੇ ਲਿਫਾਫਿਆਂ ਕਾਰਨ ਸੀਵਰੇਜ ਜਾਮ ਦੇ ਹਾਲਾਤ ਬਣੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਪੌਲੀਥੀਨ ਦੇ ਲਿਫਾਫਿਆਂ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਵੀ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਦਾ ਹੈ। ਜਿਸ ਕਾਰਨ ਲੋਕਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਇਸ ਮੁਹਿੰਮ ਵਿਚ ਆਪਣਾ ਸਹਿਯੋਗ ਕਰਨ ਦੀ ਵੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਇਕ ਦਰਜਨ ਤੋਂ ਵੱਧ ਦੁਕਾਨਦਾਰਾਂ ਤੋਂ ਪੌਲੀਥੀਨ ਬੈਗ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਤੋਂ ਇਹ ਲਿਫਾਫੇ ਜ਼ਬਤ ਕਰਦਿਆਂ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ।