ਬੈਸਟ ਫ਼ਿਲਮ ਐਵਾਰਡ ਲਈ 'ਚਾਨਣ' ਦਾ ਨਾਮਜ਼ਦ ਹੋਣਾ ਮਾਣ ਦੀ ਗੱਲ : ਡਾਇਰੈਕਟਰ ਬੈਸਟ ਫ਼ਿਲਮ ਐਵਾਰਡ ਲਈ 'ਚਾਨਣ' ਦਾ ਨਾਮਜ਼ਦ ਹੋਣਾ ਮਾਣ ਦੀ ਗੱਲ-ਡਾਇਰੈਕਟਰ
Publish Date: Sat, 14 Nov 2026 02:59 PM (IST)
Updated Date: Sat, 14 Nov 2026 03:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਇਸ ਵਰ੍ਹੇ ਦੇ ਬਠਿੰਡਾ ਫ਼ਿਲਮ ਫੈਸਟੀਵਲ ਲਈ ਨਟਰੰਗੀ ਪ੍ਰੋਡਕਸ਼ਨ ਦੀ ਪੇਸ਼ਕਸ਼ ਪੰਜਾਬੀ ਫਿਲਮ ਚਾਨਣ ਦਾ ਬੈਸਟ ਫ਼ਿਲਮ ਐਵਾਰਡ ਲਈ ਨਾਮਜ਼ਦ ਹੋਣਾ ਫਿਲਮ ਦੀ ਸਮੁੱਚੀ ਟੀਮ ਲਈ ਮਾਣ ਦੀ ਗੱਲ ਹੈ।।ਪੰਜਾਬੀ ਫ਼ਿਲਮ ਡਾਇਰੈਕਟਰ ਮਨੀਸ਼ ਮਦਾਨ ਨੇ ਦੱਸਿਆ ਕਿ ਪੰਜਾਬੀ ਫੀਚਰ ਫ਼ਿਲਮ ਚਾਨਣ ਜਾਣੇ- ਪਹਿਚਾਣੇ ਪੰਜਾਬੀ ਲੇਖਕ ਅਤੇ ਉਸ ਦੇ ਅਜੀਜ਼ ਰਾਜ ਹੀਉਂ ਦੁਆਰਾ ਲਿਖੀ ਹੋਈ ਹੈ।। ਨਸ਼ਿਆਂ ਦੇ ਮਾਰੂ ਅਸਰ ਵਿਸ਼ੇ ਤੇ ਲਿਖੀ ਇਸ ਫਿਲਮ ਰਾਹੀਂ ਪੰਜਾਬ ਦੀ ਅਸਲ ਤਸਵੀਰ ਪੇਸ਼ ਕੀਤੀ ਗਈ ਹੈ। ਫਿਲਮ ਚਾਨਣ ਦੇ ਨਿਰਦੇਸ਼ਕ ਮਨੀਸ਼ ਮਦਾਨ ਅਨੁਸਾਰ ਬਠਿੰਡਾ ਫ਼ਿਲਮ ਫਾਉਂਡੇਸ਼ਨ ਦੇ ਪ੍ਰਧਾਨ ਦੀਪਕ ਸੈਣੀ ਅਤੇ ਬਠਿੰਡਾ ਫ਼ਿਲਮ ਫੈਸਟੀਵਲ ਦੇ ਡਾਇਰੈਕਟਰ ਰਣਜੀਤ ਸਿੰਘ ਸੰਧੂ ਦੇ ਦਸਤਖਤਾਂ ਹੇਠ ਪ੍ਰਾਪਤ ਹੋਏ ਸੱਦਾ ਪੱਤਰ ਤਹਿਤ ਛੇਵਾਂ ਬਠਿੰਡਾ ਫ਼ਿਲਮ ਫੈਸਟੀਵਲ ਇਸ ਵਰ੍ਹੇ 15 ਦਸੰਬਰ ਦਿਨ ਸੋਮਵਾਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਹੋਣ ਜਾ ਰਿਹਾ ਹੈ। ਇਸ ਫੈਸਟੀਵਲ ਦੌਰਾਨ ਬੈਸਟ ਫਿਲਮ ਐਵਾਰਡ ਲਈ ਵਿਸ਼ੇਸ਼ ਚੋਣ ਕਮੇਟੀ ਵੱਲੋਂ ਗਿਆਰਾਂ ਫ਼ੀਚਰ ਫਿਲਮਾਂ ਨਾਮਜ਼ਦ ਕੀਤੀਆਂ ਗਈਆਂ ਹਨ। ਉਨ੍ਹਾਂ ਵਿਚ ਨਟਰੰਗੀ ਪ੍ਰੋਡਕਸ਼ਨ ਦੀ ਪੰਜਾਬੀ ਫਿਲਮ ਚਾਨਣ ਵੀ ਚੁਣੀ ਗਈ ਹੈ। ਇਸ ਫਿਲਮ ਦੀ ਪਟਕਥਾ ਦੀ ਉਚਿਤ ਰਵਾਨਗੀ ਅਤੇ ਕਲਾਕਾਰਾਂ ਵੱਲੋਂ ਨਿਭਾਈ ਯੋਗ ਭੂਮਿਕਾ ਇਹ ਮਾਣ ਦਵਾਉਣ ਵਿਚ ਸਫ਼ਲ ਹੋਈ ਹੈ। ਫਿਲਮ ਨਿਰਦੇਸ਼ਕ ਮਨੀਸ਼ ਅਨੁਸਾਰ ਪਿੰਡ ਆਲਮਗੜ੍ਹ ਦੇ ਸਰਪੰਚ ਜਾਗੀਰ ਸਿੰਘ ਹਾਂਡਾ ਦੇ ਵਿਸ਼ੇਸ਼ ਸਹਿਯੋਗ ਸਦਕਾ ਫ਼ਿਲਮਾਈ ਗਈ। ਫ਼ਿਲਮ ਚ ਮੁੱਖ ਭੂਮਿਕਾ ਭੰਗੜਾ ਕੋਚ ਜੁਝਾਰ ਸੰਧੂ, ਗੁਰਜ਼ੰਟ ਬਰਾੜ, ਚਿਰਾਗ ਨਾਗਪਾਲ, ਰੀਟਾ ਚੌਹਾਨ, ਨੀਰਜ਼ ਕਾਲਰਾ, ਕੁਲਦੀਪ ਛਾਬੜਾ, ਸੁਪਨਦੀਪ ਕੌਰ ਅਤੇ ਰਵੀ ਕੁਮਾਰ ਨੇ ਨਿਭਾਈ ਹੈ। ਫਿਲਮ ਚ ਆਪਣੀ ਆਵਾਜ਼ ਦਾ ਜਾਦੂ ਹਰਜਿੰਦਰ ਬਹਾਵਾਲੀਆ ਨੇ ਵਿਖਾਇਆ ਹੈ। ਫਿਲਮ ਵਾਸਤੇ ਮੈਨੇਜਰ ਪ੍ਰਿੰਸ ਸਡਾਨਾ ਅਤੇ ਸਹਿ ਨਿਰਦੇਸ਼ਕ ਵਜੋਂ ਇਸ਼ੂ ਸੇਠੀ ਅਤੇ ਪ੍ਰਭਾਤ ਮਦਾਨ ਨੇ ਬਾਂਹ ਫੜ੍ਹੀ ਹੈ ਅਤੇ ਫਿਲਮ ਦੇ ਕੈਮਰਾਮੈਨ ਅਤੇ ਆਡੀਟਰ ਗੋਰਾ ਪਰੁਥੀ ਹਨ। ਮਨੀਸ਼ ਮਦਾਨ ਅਨੁਸਾਰ ਚਾਨਣ ਨੂੰ ਇਹ ਮੁਕਾਮ ਹਾਸਲ ਕਰਵਾਉਣ ਲਈ ਲੇਖਕ ਰਾਜ ਹੀਉਂ ਸਮੇਤ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।