ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਪੰਜ ਸਕੂਲੀ ਬੱਸਾ ਦਾ ਕਟਿਆ ਚਲਾਨ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਪੰਜ ਸਕੂਲੀ ਬੱਸਾ ਦਾ ਕਟਿਆ ਚਲਾਨ
Publish Date: Mon, 07 Sep 2026 07:31 PM (IST)
Updated Date: Tue, 08 Sep 2026 04:07 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਟੀਮ ਦੇ ਸਹਿਯੋਗ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਟ੍ਰੈਫਿਕ ਪੁਲਿਸ ਬਲਾਚੌਰ ਤੋਂ ਏਐੱਸਆਈ ਜੋਗਿੰਦਰ ਸਿੰਘ ਅਤੇ ਮੱਖਣ ਸਿੰਘ, ਸਿੱਖਿਆ ਵਿਭਾਗ ਤੋਂ ਐਲੀਮੈਂਟਰੀ ਟੀਚਰ ਰਾਜਨ ਵੱਲੋਂ ਸਾਂਝੇ ਤੌਰ ਤੇ ਸਕੂਲੀ ਬਸਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਬਲਾਚੌਰ ਪਬਲਿਕ ਸਕੂਲ, ਸੈਂਟ ਜੋਸੇਫ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਐੱਮ ਆਰ ਸਿਟੀ ਸਕੂਲ ਦੋਆਬਾ ਦੀਆਂ ਬੱਸਾਂ ਵੀ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਤਕਰੀਬਨ 4 ਸਕੂਲਾਂ ਦੀਆਂ ਕੁੱਲ 14 ਸਕੂਲੀ ਬੱਸਾਂ ਦੇ ਦਸਤਾਵੇਜ ਚੈੱਕ ਕੀਤੇ ਅਤੇ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਪੰਜ ਸਕੂਲੀ ਬਸਾਂ ਦੇ ਚਲਾਨ (2 ਬੱਸਾਂ ਵਿਚ ਸੀਸੀਟੀਵੀ ਕੈਮਰਾ ਨਾ ਹੋਣ ਕਰ ਕੇ, 2 ਬੱਸਾਂ ਦੀਆਂ ਫਸਟ ਐਡ ਕੀਟਾਂ ਵਿਚ ਐਕਸਪਾਇਰਡ ਦਵਾਈਆਂ ਮਿਲਣ ਕਰ ਕੇ ਅਤੇ ਇਕ ਬੱਸ ਵਿਚ ਅੱਗ ਭੁਜਾਓ ਯੰਤਰ ਦੀ ਐਕਸਪਾਇਰਡ ਹੋਣ ਕਰ ਕੇ) ਵੀ ਕੀਤੇ ਗਏ। ਚੈਕਿੰਗ ਦੌਰਾਨ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਲੋ ਸਮੇ-ਸਮੇ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਵਾਹਨਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਜਿਵੇ ਕਿ ਸੀਸੀਟੀਵੀ ਕੈਮਰਾ, ਖਿੜਕੀ ਤੇ ਲੋਹੇ ਦੀ ਗਰਿਲ, ਫਸਟ ਐਂਡ ਬਾਕਸ, ਲੇਡੀ ਕੰਡਕਟਰ, ਬੱਸ ਡਰਾਈਵਰ ਦਾ ਸਕੂਲ ਯੂਨੀਫੋਰਮ ਵਿਚ ਹੋਣਾ, ਸੀਟ ਬੈਲਟ ਲਗਾਣਾ, ਕਪੈਸਿਟੀ ਤੋਂ ਵੱਧ ਬੱਚੇ ਸਕੂਲ ਬੱਸ ਵਿਚ ਨਾ ਬਿਠਾਣਾ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟੀਮ ਵੱਲੋਂ ਮੌਕੇ ਤੇ ਹੀ ਬਲਾਚੌਰ ਪਬਲਿਕ ਸਕੂਲ ਵਿਸਿਟ ਕਰ ਕੇ ਸਕੂਲੀ ਬਸਾਂ ਦੇ ਡਰਾਇਵਰਾ ਨੂੰ ਵਿਸ਼ੇਸ਼ ਤੌਰ ਤੇ ਹਿਦਾਇਤ ਕੀਤੀ ਕਿ ਬੱਚੇ ਨੂੰ ਸਕੂਲ ਵੈਨ ਵਿਚ ਬਿਠਾਉਣ ਤੋਂ ਬਾਅਦ ਬੱਚੇ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸਕੂਲ ਤੋਂ ਵਾਪਸੀ ਸਮੇਂ ਬੱਸ ਤੋਂ ਉਤਾਰਨ ਸਮੇਂ ਬੱਚੇ ਨੂੰ ਬਿਲਕੁਲ ਵੀ ਇਕੱਲਾ ਨਾ ਛੱਡਿਆ ਜਾਵੇ ਬਲਕਿ ਬੱਚੇ ਨੂੰ ਸੜਕ ਪਾਰ ਕਰਵਾ ਕੇ ਮਾਂ ਪਿਓ ਦੇ ਸੁਪੁਰਦ ਕਰਨਾ ਕੰਡਕਟਕਰ ਦੀ ਡਿਊਟੀ ਬਣਦੀ ਹੈ। ਇਸ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਤੋਂ ਇਲਾਵਾ ਡਰਾਈਵਰ ਕੋਲ ਵਾਹਨ ਦੇ ਕਾਗਜਾਤ ਵੀ ਪੂਰੇ ਹੋਣੇ ਚਾਹੀਦੇ ਹਨ। ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿਚ ਭੇਜਣ ਤੋਂ ਪਹਿਲੇ ਸਕੂਲੀ ਬੱਸਾਂ ਦਾ ਜਾਇਜ਼ਾ ਜਰੂਰ ਲੈਣ। ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਬੱਸਾਂ ਨੂੰ ਰੋਡ ਤੇ ਲਿਆਉਣ ਤੋਂ ਪਹਿਲਾਂ ਆਪਣੇ ਅਤੇ ਆਪਣੀ ਬੱਸਾਂ ਦੇ ਦਸਤਾਵੇਜ਼ ਤੰਦਰੁਸਤ ਕਰ ਲੈਣ। ਇਸ ਮੌਕੇ ਟੀਮ ਵਿਚ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪੁਲਿਸ ਵਿਭਾਗ ਤੋਂ ਜੋਗਿੰਦਰ ਪਾਲ ਏਐੱਸਆਈ, ਮੱਖਣ ਸਿੰਘ ਕਾਂਸਟੇਬਲ, ਸਿੱਖਿਆ ਵਿਭਾਗ ਤੋ ਰਾਜਨ ਐਲੀਮੈਂਟਰੀ ਟੀਚਰ ਦੇ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਸੰਤੇਸ਼ ਅਤੇ ਇੰਦਰਜੀਤ ਡੀਈਓ ਦਫਤਰ ਵੀ ਮੌਜੂਦ ਸਨ।