ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 4 ਸਕੂਲੀ ਬੱਸਾਂ ਦਾ ਕੱਟਿਆ ਚਾਲਾਨ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 4 ਸਕੂਲੀ ਬੱਸਾ ਦਾ ਕਟਿਆ ਚਲਾਨ
Publish Date: Thu, 01 Oct 2026 06:29 PM (IST)
Updated Date: Thu, 01 Oct 2026 06:30 PM (IST)
ਪ੍ਰਦੀਪ ਭਨੋਟ/ਨਰਿੰਦਰ ਮਾਹੀ, ਪੰਜਾਬੀ ਜਾਗਰਣ ਨਵਾਂਸ਼ਹਿਰ/ਬੰਗਾ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਟੀਮ ਦੇ ਸਹਿਯੋਗ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਟੀਮ (ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਟ੍ਰੈਫਿਕ ਪੁਲਿਸ ਬੰਗਾ ਤੋਂ ਏਐੱਸਆਈ ਕੁੰਦਨ ਲਾਲ ਅਤੇ ਸਿੱਖਿਆ ਵਿਭਾਗ ਤੋ ਟੀਚਰ ਪਰਮਜੀਤ ਕੌਰ ਵੱਲੋਂ ਸਾਂਝੇ ਤੌਰ ’ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੈਂਟ ਜੋਸੇਫ ਕਾਨਵੈਂਟ ਸਕੂਲ ਮੱਲਪੁਰ, ਐੱਸਆਰਸੀ ਜੈਨ ਮੋਡਲ ਸਕੂਲ, ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ, ਚਰਨ ਕਾਵਲ ਕਾਨਵੈਂਟ ਸਕੂਲ, ਸ਼ਿਵਾਲਿਕ ਪਬਲਿਕ ਸਕੂਲ ਦੀਆਂ ਬੱਸਾਂ ਵੀ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਤਕਰੀਬਨ 6 ਸਕੂਲਾਂ ਦੀਆਂ ਕੁੱਲ 9 ਸਕੂਲੀ ਬੱਸਾਂ ਦੇ ਦਸਤਾਵੇਜ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ 4 ਸਕੂਲੀ ਬਸਾਂ ਦੇ ਚਾਲਾਨ ( ਬੱਸਾਂ ਵਿਚ ਸੀਸੀਟੀਵੀ ਕੈਮਰਾ ਨਾ ਹੋਣ ਕਰ ਕੇ, ਬੱਸ ਡਰਾਈਵਰ ਦੀ ਵਰਦੀ ਨਾ ਹੋਣ ਕਾਰਨ, ਬੱਸਾਂ ਦੀਆਂ ਫਸਟ ਐਡ ਕੀਟਾਂ ਵਿਚ ਐਕਸਪਾਇਰਡ ਦਵਾਈਆਂ ਮਿਲਣ ਕਰ ਕੇ ਅਤੇ ਇਕ ਬੱਸ ਵਿਚ ਅੱਗ ਬੁਝਾਓ ਯੰਤਰ ਦੀ ਐਕਸਪਾਇਰਡ ਹੋਣ ਕਰ ਕੇ) ਵੀ ਕੀਤੇ ਗਏ। ਚੈਕਿੰਗ ਦੌਰਾਨ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਸਮੇਂ-ਸਮੇਂ ’ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਵਾਹਨਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਜਿਵੇ ਕਿ ਸੀਸੀਟੀਵੀ ਕੈਮਰਾ, ਖਿੜਕੀ ਤੇ ਲੋਹੇ ਦੀ ਗਰਿਲ, ਫਸਟ ਐਡ ਬਾਕਸ, ਲੇਡੀ ਕੰਡਕਟਰ, ਬੱਸ ਡਰਾਈਵਰ ਦਾ ਸਕੂਲ ਯੂਨੀਫੋਰਮ ਵਿਚ ਹੋਣਾ, ਸੀਟ ਬੈਲਟ ਲਗਾਉਣਾ, ਕਪੈਸਿਟੀ ਤੋਂ ਵੱਧ ਬੱਚੇ ਸਕੂਲ ਬੱਸ ਵਿਚ ਨਾ ਬਿਠਾਉਣਾ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਟੀਮ ਵੱਲੋਂ ਡਰਾਈਵਰਾਂ ਨੂੰ ਵਿਸ਼ੇਸ਼ ਤੌਰ ’ਤੇ ਹਦਾਇਤ ਕੀਤੀ ਕਿ ਬੱਚੇ ਨੂੰ ਸਕੂਲ ਵੈਨ ਵਿਚ ਬਿਠਾਉਣ ਤੋ ਬਾਅਦ ਬੱਚੇ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸਕੂਲ ਤੋਂ ਵਾਪਸੀ ਸਮੇ ਬੱਸ ਤੋਂ ਉਤਾਰਨ ਸਮੇਂ ਬੱਚੇ ਨੂੰ ਬਿਲਕੁਲ ਵੀ ਇਕੱਲਾ ਨਾ ਛੱਡਿਆ ਜਾਵੇ। ਬਲਕਿ ਬੱਚੇ ਨੂੰ ਸੜਕ ਪਾਰ ਕਰਵਾ ਕੇ ਮਾਂ-ਪਿਓ ਦੇ ਸੁਪੁਰਦ ਕਰਨਾ ਕੰਡਕਟਕਰ ਦੀ ਡਿਊਟੀ ਬਣਦੀ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਮੌਕੇ ਟੀਮ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿਚ ਭੇਜਣ ਤੋਂ ਪਹਿਲਾਂ ਸਕੂਲੀ ਬੱਸਾਂ ਦਾ ਜਾਇਜ਼ਾ ਜ਼ਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ। ਇਸ ਮੌਕੇ ਟੀਮ ਵਿਚ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਟ੍ਰੈਫਿਕ ਪੁਲਿਸ ਤੋ ਏਐੱਸਆਈ ਕੁੰਦਨ ਲਾਲ, ਸਿੱਖਿਆ ਵਿਭਾਗ ਤੋਂ ਰਾਜਨ ਟੀਚਰ ਪਰਮਜੀਤ ਕੌਰ ਦੇ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਗੌਰਵ ਸ਼ਰਮਾ ਸੀਪੀਓ ਅਤੇ ਇੰਦਰਜੀਤ ਡੀਈਓ ਵੀ ਮੌਜੂਦ ਸਨ।