ਸਕੂਲੀ ਵਾਹਨਾਂ ਦੀ ਚੈਕਿੰਗ ਦੌਰਾਨ 2 ਬੱਸਾਂ ਦੇ ਕੱਟੇ ਚਲਾਨ
ਸਕੂਲੀ ਵਾਹਨਾਂ ਦੀ ਚੈਕਿੰਗ ਦੌਰਾਨ 2 ਬੱਸਾਂ ਦੇ ਕੱਟੇ ਚਲਾਨ
Publish Date: Wed, 25 Feb 2026 05:39 PM (IST)
Updated Date: Thu, 26 Feb 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਟੀਮ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਨਵਾਂਸ਼ਹਿਰ ਵਿਚ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਬਾਰੇ ਜਾਣੂੰ ਕਰਵਾਇਆ। ਚੈਕਿੰਗ ਦੌਰਾਨ ਕੈਂਬਰਿਜ਼ ਪਬਲਿਕ ਸਕੂਲ, ਡੈਰਿਕ ਇੰਟਰਨੈਸ਼ਨਲ ਸਕੂਲ, ਪਬਲਿਕ ਇੰਟਰਨੈਸ਼ਨਲ ਸਕੂਲ, ਗੁਰੂ ਰਾਮ ਦਾਸ ਇੰਟਰਨੈਸ਼ਨਲ ਪਬਲਿਕ ਸਕੂਲ, ਸ਼ਿਵ ਚੰਦ ਪਬਲਿਕ ਸਕੂਲ ਸਕਾਲਰ ਪਬਲਿਕ ਸਕੂਲ ਅਤੇ ਐਮਆਰ ਇੰਟਰਨੈਸ਼ਨਲ ਪਬਲਿਕ ਸਕੂਲ ਪਨਾਮ ਦੀਆਂ ਬੱਸਾਂ ਦੀ ਜਾਂਚ ਕੀਤੀ। ਮੁਹਿੰਮ ਦੌਰਾਨ ਤਕਰੀਬਨ 6 ਸਕੂਲਾਂ ਦੀਆਂ ਕੁੱਲ 12 ਸਕੂਲੀ ਬੱਸਾਂ ਦੇ ਦਸਤਾਵੇਜ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ 2 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਜਿਸ ਵਿਚ ਪਹਿਲਾ ਚਲਾਨ ਲੇਡੀ ਅਟੈਂਡੈਂਟ ਨਾ ਹੋਣ ਕਾਰਨ ਅਤੇ ਦੂਸਰਾ ਚਲਾਨ ਬੱਸ ਵਿਚ ਫਸਟ ਏਡ ਬਾਕਸ ਨਾ ਹੋਣ ਕਾਰਨ ਕੀਤਾ। ਟੀਮ ਵੱਲੋਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਸਮੇਂ-ਸਮੇਂ ਤੇ ਸਕੂਲ ਦੇ ਪ੍ਰਿੰਸੀਪਲਾਂ ਅਤੇ ਸਕੂਲ ਵਾਹਨਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਜਿਵੇਂ ਕਿ ਸੀਸੀਟੀਵੀ ਕੈਮਰਾ, ਖਿੜਕੀ ਤੇ ਲੋਹੇ ਦੀ ਗਰਿਲ, ਫਸਟ ਏਡ ਬਾਕਸ, ਲੇਡੀ ਕੰਡਕਟਰ, ਬੱਸ ਡਰਾਈਵਰ ਦਾ ਸਕੂਲ ਦੀ ਵਰਦੀ ਵਿਚ ਹੋਣਾ, ਸੀਟ ਬੈਲਟ ਲਗਾਉਣਾ, ਕਪੈਸਿਟੀ ਤੋਂ ਵੱਧ ਬੱਚੇ ਬੱਸ ਵਿਚ ਨਾ ਬਿਠਾਉਣਾ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਕੂਲ ਵਾਹਨ ਦੇ ਡਰਾਇਵਰਾ ਕੋਲ ਵਾਹਨ ਦੇ ਕਾਗਜਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਟਰਾਂਸਪੋਰਟ ਵਿਭਾਗ ਵੱਲੋਂ ਕਮਲੇਸ਼ ਏਆਰਟੀਓ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿਚ ਭੇਜਣ ਤੋਂ ਪਹਿਲਾਂ ਸਕੂਲੀ ਬੱਸਾਂ ਦਾ ਜਾਇਜ਼ਾ ਜਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ।।ਉਨ੍ਹਾਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਕਿ ਸੇਫ ਸਕੂਲ ਵਾਹਨ ਪਾਲਸੀ ਦੀ ਉਲੰਘਣਾ ਕਰਨ ਤੇ ਬੱਸਾਂ ਨੂੰ ਬੰਦ ਕੀਤਾ ਜਾਵੇਗਾ ਤੇ ਚਲਾਨ ਕੱਟੇ ਜਾਣਗੇ। ਇਸ ਮੌਕੇ ਕਮਲੇਸ਼ ਅਸਿਸਟੈਂਟ ਰੀਜਨਲ ਟਰਾਂਸਪੋਰਟ ਅਫ਼ਸਰ, ਸਿੱਖਿਆ ਵਿਭਾਗ ਤੋਂ ਪ੍ਰਿੰ. ਸੁਰਿੰਦਰਪਾਲ ਅਗਨੀਹੋਤਰੀ, ਪੁਲਿਸ ਵਿਭਾਗ ਤੋਂ ਧਰਮਿੰਦਰ ਸਿੰਘ , ਟਰੈਫ਼ਿਕ ਪੁਲਿਸ ਤੋਂ ਰਵਿੰਦਰ ਕੌਰ, ਦਿਲਾਵਰ ਸਿੰਘ ਏਐਸਆਈ, ਸੰਤੋਸ਼ ਹਾਜ਼ਰ ਸਨ।