ਚੇਅਰਮੈਨ ਚੇਚੀ ਨੇ ਪਨਿਆਲੀ ਕਲਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਚੇਅਰਮੈਨ ਸੰਜੀਵ ਚੇਚੀ ਨੇ ਪਨਿਆਲੀ ਕਲਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Publish Date: Thu, 24 Sep 2026 04:02 PM (IST)
Updated Date: Thu, 24 Sep 2026 04:03 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਚੇਚੀ ਨੇ ਪਨਿਆਲੀ ਕਲਾਂ ਵਿਖੇ ਮੱਖਣ ਸਿੰਘ ਪੰਚ ਦੇ ਘਰ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਪਿੰਡ ਪਹੁੰਚਣ ’ਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਚੇਅਰਮੈਨ ਸੰਜੀਵ ਚੇਚੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਅਵਤਾਰ ਸਿੰਘ ਸਰਪੰਚ ਨੇ ਚੇਅਰਮੈਨ ਸੰਜੀਵ ਚੇਚੀ ਪਾਸ ਮੰਗ ਰੱਖੀ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਦੇ ਕੰਮ ਤੇ ਜੋ ਰੋਕ ਲਾਈ ਸੀ। ਉਹ ਪਾਬੰਦੀ ਹਟਾ ਦਿੱਤੀ ਗਈ ਪਰ ਉਸ ਵਿਚੋਂ ਸਾਡਾ ਪਿੰਡ ਪਨਿਆਲੀ ਕਲਾਂ ਅਤੇ ਹੋਰ ਕਈ ਪਿੰਡਾਂ ਨੂੰ ਇਸ ਸਹੂਲਤ ਤੋਂ ਲਾਂਭੇ ਰੱਖਿਆ ਗਿਆ ਹੈ। ਜਿਸ ਕਰ ਕੇ ਰਜਿਸਟਰੀਆਂ ਤੇ ਰੋਕ ਲੱਗਣ ਕਰ ਕੇ ਸਰਕਾਰ ਦੀ ਆਮਦਨ ਨੂੰ ਫਰਕ ਤਾਂ ਪੈਂਦਾ ਹੈ ਪਰ ਆਮ ਲੋਕਾਂ ਦੀ ਖੱਜਲ-ਖ਼ੁਆਰੀ ਹੋ ਰਹੀ ਹੈ। ਇਸ ਦੇ ਨਾਲ ਹੀ ਪਨਿਆਲੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਦੇ ਅਧੂਰੇ ਪਏ ਕੰਮ ਨੂੰ ਮੁਕੰਮਲ ਕਰਨ ਲਈ ਅਤੇ ਦੋ ਕਮਰਿਆਂ ਦੇ ਰਹਿੰਦੇ ਕੰਮ ਨੂੰ ਪੂਰਾ ਕਰਨ ਲਈ ਅਤੇ ਖੇਡ ਗਰਾਊਂਡ ਦੇ ਕੰਮ ਨੂੰ ਮੁਕੰਮਲ ਕਰਨ ਦੀ ਮੰਗ ਰੱਖੀ। ਇਸ ਮੌਕੇ ਸੰਜੀਵ ਚੇਚੀ ਨੇ ਸਰਪੰਚ ਨੂੰ ਕਿਹਾ ਕਿ ਤੁਸੀਂ ਆਪਣੀ ਗ੍ਰਾਮ ਪੰਚਾਇਤ ਵੱਲੋਂ ਮਤਾ ਪਾ ਕੇ ਦਿਉ ਉਹ ਜਲਦੀ ਹੀ ਇਨ੍ਹਾਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਪਬਲਿਕ ਲਈ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਹਰ ਵਰਗ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਵਿਕਾਸ ਦੇ ਕੰਮਾਂ ਲਈ ਸਰਕਾਰ ਵੱਲੋਂ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਵਿਕਾਸ ਦੇ ਕੰਮਾਂ ਵਿਚ ਹੋਰ ਤੇਜੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਵੱਲੋਂ ਇਲਾਕੇ ਦੇ ਨੌਜਵਾਨ ਬੱਚੇ-ਬੱਚੀਆਂ ਨੂੰ ਯੂਪੀਐੱਸਸੀ ਅਤੇ ਪੀਸੀਐੱਸ ਦੀ ਤਿਆਰੀ ਕਰਨ ਲਈ ਵਧੀਆ ਇੰਸਟੀਚਿਊਟ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਹੈ। ਜੋ ਕਿ ਦੋ ਦਿਨ ਬਾਅਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਜ਼ਰੂਰਤਮੰਦ ਪਰਿਵਾਰਾਂ ਦੇ ਬੱਚੇ ਪੜ੍ਹਨ ਲਈ ਕਾਫੀ ਹੁਸ਼ਿਆਰ ਹੁੰਦੇ ਹਨ ਪਰ ਉਹ ਘਰੇਲੂ ਆਰਥਿਕ ਤੰਗੀ ਕਰਕੇ ਇਹੋ ਜਿਹੀ ਪੜ੍ਹਾਈ ਨਹੀਂ ਕਰ ਸਕਦੇ। ਉਹ ਚਾਹੁੰਦੇ ਹਨ ਕਿ ਇਲਾਕੇ ਦੇ ਜਿਹੜੇ ਬੱਚੇ ਇਹ ਪੜ੍ਹਾਈ ਕਰਨੀ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੇ ਖਰਚੇ ’ਤੇ ਪੜ੍ਹਾਈ ਕਰਵਾ ਕੇ ਅਫਸਰ ਬਣਾਵਾਂਗਾ। ਜਿਸ ਨਾਲ ਸਾਡੇ ਹਲਕਾ ਬਲਾਚੌਰ ਦਾ ਨਾਮ ਦੇਸ਼ ਭਰ ਵਿਚ ਰੋਸ਼ਨ ਹੋਵੇਗਾ। ਸੰਜੀਵ ਚੇਚੀ ਵੱਲੋਂ ਪਿੰਡ ਵਾਸੀਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਮੂਹ ਪਿੰਡ ਵਾਸੀਆਂ ਵੱਲੋਂ ਚੇਅਰਮੈਨ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸਰਪੰਚ ਬਾਬਾ ਅਵਤਾਰ ਸਿੰਘ, ਪਾਖਰ ਸਿੰਘ ਫੌਜੀ, ਹਰਨੇਕ ਸਿੰਘ ਪੰਚ, ਭੁਪਿੰਦਰ ਸਿੰਘ, ਸਤਨਾਮ ਸਿੰਘ, ਹਰਭਜਨ ਸਿੰਘ ਫੌਜੀ, ਸੋਹਣ ਸਿੰਘ ਸਾਬਕਾ ਪੰਚ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।