ਚਾਹਲਾਂ ਦੇ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ ਚਾਹਲਾਂ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ
Publish Date: Thu, 17 Sep 2026 06:04 PM (IST)
Updated Date: Thu, 17 Sep 2026 06:05 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਚਾਹਲਾਂ ਵਾਸੀ ਨੌਜਵਾਨ ਗੁਰਮੁੱਖ ਸਿੰਘ ਪੁੱਤਰ ਸਵ. ਦਿਲਬਾਗ ਸਿੰਘ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਗੁਰਮੁੱਖ ਸਿੰਘ ਆਪਣੇ ਘਰ ਤੋਂ ਦਵਾਈ ਲੈਣ ਲਈ ਹਸਪਤਾਲ ਗਿਆ ਸੀ। ਜਦੋਂ ਉਹ ਸਮੇਂ ਸਿਰ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਪਿੰਡ ਦੇਨੋਵਾਲ ਨਜ਼ਦੀਕ ਗੁਰਮੱਖ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ। ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਬਲਾਚੌਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਦੀ ਨਾਜ਼ੁਕ ਹਾਲਾਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਫਿਰ ਉਸ ਨੌਜਵਾਨ ਨੂੰ ਰੋਪੜ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੰਸਕਾਰ ਸਮੇਂ ਪਿੰਡ ਦੇ ਕਈ ਪਿੰਡ ਵਾਸੀਆਂ ਨੇ ਦੱਸਿਆ ਕਿ ਆਏ ਦਿਨ ਨਸ਼ੇ ਕਾਰਨ ਪਿੰਡ ਵਿਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਪਿੰਡ ਦੇ ਹੀ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਅੱਠ ਦਿਨਾਂ ਤੋਂ ਨਹੀਂ ਮਿਲ ਰਿਹਾ, ਜੋ ਕਿ ਨਸ਼ੇ ਦਾ ਆਦੀ ਹੈ। ਜਿਸ ਸਬੰਧੀ ਉਸ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਪ੍ਰਦੇਸ਼ ਕਾਂਗਰਸ ਨੇ ਸੋਸ਼ਲ ਮੀਡੀਆ ’ਤੇ ਚਿੰਤਾ ਪ੍ਰਗਟਾਈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਅਤੇ ਸਾਨੂੰ ਇਕਜੁੱਟ ਹੋ ਕੇ ਪੰਜਾਬ ਦੀ ਨੌਜਵਾਨੀ ਨੂੰ ਸਾਂਭਣ ਲਈ ਅੱਗੇ ਆਉਣਾ ਪਵੇਗਾ। ਪਿੰਡ ਵਾਸੀਆਂ ਵੱਲੋਂ ਇਹ ਵੀ ਸ਼ੰਕਾ ਜਤਾਈ ਗਈ ਕਿ ਗੁਰਮੁੱਖ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੀ ਹੋਈ ਜਾਪਦੀ ਹੈ। ਪਰਿਵਾਰ ਇਸ ਸਬੰਧੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਸੀ। ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਪਤਾ ਨਹੀਂ ਅਗਲੇ ਦਿਨ ਕਿਹੜੇ ਪਿੰਡ ਤੋਂ ਇਹੋ ਜਿਹੀ ਮਨਹੂਸ ਖਬਰ ਆ ਜਾਣੀ ਹੈ। ਇਸ ਨੌਜਵਾਨ ਦਾ ਸੰਸਕਾਰ ਚਾਰ ਦਿਨ ਬਾਅਦ ਕੀਤਾ ਗਿਆ ਕਿਉਂਕਿ ਮੌਤ ਵਾਲੇ ਘਰ ਲੜਕੀ ਦਾ ਵਿਆਹ ਹੋਣ ਕਾਰਨ ਚਾਰ ਦਿਨ ਲਾਸ਼ ਹਸਪਤਾਲ ਦੇ ਮੋਰਚਰੀ ਵਿਚ ਜਮ੍ਹਾਂ ਕਰਵਾ ਕੇ ਰੱਖੀ ਗਈ ਅਤੇ ਲੜਕੀ ਦਾ ਵਿਆਹ ਹੋਣ ਉਪਰੰਤ ਬੀਤੇ ਦਿਨੀਂ ਇਸ ਨੌਜਵਾਨ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਸੰਸਕਾਰ ਕੀਤਾ ਗਿਆ। ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਸਬੰਧੀ ਦੱਸਿਆ ਕਿ ਪਿਛਲੇ ਕੁਝ ਸਮੇਂ ਵਿਚ ਪਿੰਡ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ। ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਜਦੋਂ ਪਿੰਡ ਵਾਸੀਆਂ ਤੋਂ ਪ੍ਰਸ਼ਾਸਨ ਅਤੇ ਸਰਕਾਰ ਦੁਆਰਾ ਚਲਾਏ ਰਹੇ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਬਾਰੇ ਪੁੱਛਿਆ ਤਾਂ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਗਿਆ ਅਤੇ ਅੱਜ ਲੋਕ ਖੁੱਲ੍ਹ ਕੇ ਨਸ਼ੇ ਖ਼ਿਲਾਫ਼ ਬੋਲਣ ਲਈ ਇੱਕਜੁੱਟ ਹੋਏ ਨਜ਼ਰ ਆਏ। ਸਮੂਹ ਪਿੰਡ ਵਾਸੀਆਂ ਵੱਲੋਂ ਜਿੱਥੇ ਗੁਰਮੁਖ ਸਿੰਘ ਦਾ ਸੰਸਕਾਰ ਨਮ ਅੱਖਾਂ ਨਾਲ ਕੀਤਾ ਗਿਆ, ਉੱਥੇ ਸਰਕਾਰ ਤੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਮੰਗ ਵੀ ਪਿੰਡ ਵਾਸੀਆਂ ਵੱਲੋਂ ਬੁਲੰਦ ਕੀਤੀ ਗਈ।