ਖੰਡ ਦੀਆਂ ਵਧੀਆਂ ਕੀਮਤਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ : ਰੌਬੀ ਕੰਗ ਖੰਡ ਦੀਆਂ ਵਧੀਆਂ ਕੀਮਤਾਂ ਲਈ ਕੇਂਦਰ ਸਰਕਾਰ ਜਿੰਮੇਵਾਰ-ਜਸਪ੍ਰੀਤ ਸਿੰਘ ਰੌਬੀ ਕੰਗ
Publish Date: Mon, 24 Aug 2026 05:46 PM (IST)
Updated Date: Mon, 24 Aug 2026 05:48 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਕਿਹਾ ਕਿ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਲਈ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਤੇ ਗੰਨੇ ਨੂੰ ਈਥਾਨੌਲ ਉਤਪਾਦਨ ਵੱਲ ਵੱਧ ਮੋੜਨ ਕਾਰਨ ਖੰਡ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ, ਜਿਸ ਦਾ ਸਿੱਧਾ ਬੋਝ ਦੇਸ਼ ਦੇ ਆਮ ਲੋਕਾਂ ਦੀ ਜੇਬ ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਖੰਡ 65 ਤੋਂ 80 ਰੁਪਏ ਦੇ ਵਾਧੇ ਵੱਲ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ 18 ਦਿਨ ਪਹਿਲਾ ਖੰਡ ਦੀ ਕੀਮਤ 45 ਰੁਪਏ ਤੋਂ 75 ਰੁਪਏ ਪ੍ਰਤੀ ਕਿਲੋ ਤੋਂ ਵੱਧ ਪਹੁੰਚ ਗਈ ਹੈ, ਜੋ ਕਿ ਚਿੰਤਾਜਨਕ ਹੈ। ਇਸੇ ਤਰ੍ਹਾਂ ਪਿਛਲੇ ਇੱਕ ਮਹੀਨੇ ਵਿਚ ਪਿਆਜ ਦੀਆਂ ਕੀਮਤਾਂ 30 ਰੁਪਏ ਤੋਂ ਵੱਧ ਕੇ 70 ਰੁਪਏ ਕਿਲੋ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਇੰਨਾ ਤੇਜ਼ ਵਾਧਾ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੇਂਦਰ ਸਰਕਾਰ ਵੱਲੋਂ ਪੈਟਰੋਲ ਵਿਚ ਈਥਾਨੌਲ ਦੀ ਮਿਲਾਵਟ ਨੂੰ ਵਿਦੇਸ਼ੀ ਮੁਦਰਾ ਦੀ ਬੱਚਤ ਅਤੇ ਕੱਚੇ ਤੇਲ ਦੀ ਦਰਾਮਦ ਤੇ ਨਿਰਭਰਤਾ ਘਟਾਉਣ ਦੇ ਉਦੇਸ਼ ਨਾਲ ਲਾਗੂ ਕੀਤਾ ਸੀ, ਪਰ ਇਸ ਨੀਤੀ ਦੇ ਪ੍ਰਭਾਵਾਂ ਦਾ ਸੰਤੁਲਿਤ ਮੁਲਾਂਕਣ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇਕਰ ਗੰਨੇ ਦੀ ਵੱਡੀ ਮਾਤਰਾ ਈਥਾਨੌਲ ਉਤਪਾਦਨ ਵੱਲ ਮੋੜੀ ਜਾਂਦੀ ਹੈ ਤਾਂ ਖੰਡ ਉਤਪਾਦਨ ਤੇ ਬਾਜ਼ਾਰ ਵਿਚ ਇਸ ਦੀ ਉਪਲਬਧਤਾ ਤੇ ਦਬਾਅ ਪੈਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਵਿਚ ਈਥਾਨੌਲ ਦੀ ਮਾਤਰਾ ਵਧਾਉਣ ਨਾਲ ਵਾਹਨਾਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਗੈਸ ਸਿਲੰਡਰ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦਾ ਘਰੇਲੂ ਬਜਟ ਹਿਲ ਗਿਆ ਹੈ। ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਮਹਿੰਗਾਈ ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਫੈਸਲੇ ਲੈਣੇ ਚਾਹੀਦੇ ਹਨ।