ਬੰਗਾ ’ਚ ਕਰੀਅਰ ਕਾਨਫਰੰਸ ਤੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਬੰਗਾ ਵਿਖੇ ਕਰੀਅਰ ਕਾਨਫਰੰਸ ਅਤੇ ਰਜਿਸਟ੍ਰੇਸ਼ਨ ਕੈਂਪ ਲਗਾਇਆ
Publish Date: Sun, 11 Oct 2026 04:24 PM (IST)
Updated Date: Sun, 11 Oct 2026 04:26 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਿਹਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਾਲਜ ਦੇ ਪਲੇਸਮੈਂਟ ਸੈੱਲ ਦੇ ਇੰਚਾਰਜ ਪ੍ਰੋ. ਗੁਰਸ਼ਰਨ ਸਿੰਘ ਵੱਲੋਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਕਰੀਅਰ ਕਾਨਫਰੰਸ-ਕਮ-ਰਜਿਸਟ੍ਰੇਸ਼ਨ ਕੈਂਪ ਲਗਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ, ਕਰੀਅਰ ਦੀ ਸਹੀ ਚੋਣ, ਸਰਕਾਰੀ ਅਤੇ ਗੈਰ-ਸਰਕਾਰੀ ਨੌਕਰੀਆਂ, ਪੁਲਿਸ ਅਤੇ ਡਿਫੈਂਸ ਦੀ ਤਿਆਰੀ ਦੇ ਨਾਲ-ਨਾਲ ਸਵੈ-ਰੁਜ਼ਗਾਰ ਅਤੇ ਉਦਮਤਾ ਸਬੰਧੀ ਅਹਿਮ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਡਿੰਪਲ ਥਾਪਰ ਜਿਲ੍ਹਾ ਰੁਜ਼ਗਾਰ ਅਫ਼ਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਹੌਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਮਿਹਨਤ, ਲਗਨ, ਸਬਰ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਦੀ ਭਾਵਨਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਯੋਗਤਾ ਅਤੇ ਰੁਚੀ ਅਨੁਸਾਰ ਕਰੀਅਰ ਦੀ ਚੋਣ ਕਰਦਿਆਂ ਆਪਣੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਰਹਿਣ। ਇਸ ਮੌਕੇ ਸੀ-ਪਾਈਟ ਟ੍ਰੇਨਿੰਗ ਸੈਂਟਰ ਦੇ ਪ੍ਰਤੀਨਿਧੀ ਤਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪੁਲਿਸ ਅਤੇ ਡਿਫੈਂਸ ਦੀਆਂ ਵੱਖ-ਵੱਖ ਭਰਤੀਆਂ ਲਈ ਤਿਆਰੀ ਕਰਨ ਸਬੰਧੀ ਜਾਣਕਾਰੀ ਦਿੱਤੀ। ਪ੍ਰਿੰ. ਕੁਲਵਿੰਦਰ ਸਿੰਘ ਬੇਦੀ ਸਰਕਾਰੀ ਪੌਲੀਟੈਕਨਿਕ ਕਾਲਜ ਬਹਿਰਾਮ ਨੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹੁਨਰਮੰਦ ਨੌਜਵਾਨਾਂ ਲਈ ਰੁਜ਼ਗਾਰ ਦੇ ਅਨੇਕਾਂ ਮੌਕੇ ਮੌਜੂਦ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਤੇ ਕਿੱਤਾਮੁਖੀ ਕੋਰਸਾਂ ਰਾਹੀਂ ਆਪਣੇ ਹੁਨਰਾਂ ਨੂੰ ਨਿਖਾਰਨ, ਨਵੀਆਂ ਤਕਨੀਕਾਂ ਸਿੱਖਣ ਅਤੇ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸ਼ਨਪ੍ਰੀਤ ਸਿੰਘ ਇੰਸਪੈਕਟਰ ਡੇਅਰੀ ਵਿਭਾਗ ਨੇ ਵਿਦਿਆਰਥੀਆਂ ਨੂੰ ਡੇਅਰੀ ਫਾਰਮਿੰਗ ਨੂੰ ਇੱਕ ਲਾਹੇਵੰਦ ਕਿੱਤੇ ਵਜੋਂ ਅਪਣਾਉਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਡੇਅਰੀ ਫਾਰਮਿੰਗ ਦੇ ਆਧੁਨਿਕ ਤਰੀਕਿਆਂ, ਪਸ਼ੂਆਂ ਦੀ ਸਹੀ ਸਾਂਭ-ਸੰਭਾਲ, ਦੁੱਧ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਡੇਅਰੀ ਕਿੱਤੇ ਰਾਹੀਂ ਸਵੈ-ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਮੌਕੇ ਹੀਨਾ ਭਾਟੀਆ ਯੰਗ ਪ੍ਰੋਫੈਸ਼ਨਲ ਵੱਲੋਂ ਵਿਦਿਆਰਥੀਆਂ ਦੀ ਕੇਂਦਰ ਸਰਕਾਰ ਦੇ ਨੈਸ਼ਨਲ ਕਰੀਅਰ ਸਰਵਿਸਿਜ਼ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਈ ਅਤੇ ਉਨ੍ਹਾਂ ਨੂੰ ਸਰਕਾਰੀ ਤੇ ਗੈਰ-ਸਰਕਾਰੀ ਖੇਤਰਾਂ ਵਿਚ ਉਪਲਬਧ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ। ਇਸ ਸਮੁੱਚੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਵਿਭਾਗ ਦੇ ਨੁਮਾਇੰਦੇ ਅਮਿਤ ਕੁਮਾਰ ਟੀਪੀਓ, ਸੁਮਿਤ ਸ਼ਰਮਾ ਟੀਪੀਓ ਅਤੇ ਸਤਿੰਦਰ ਸ਼ਰਮਾ ਟੀਪੀਓ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪ੍ਰਿੰ. ਡਾ. ਰਣਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਮੁੱਚੇ ਵਿਭਾਗ ਦਾ ਧੰਨਵਾਦ ਕੀਤਾ। ਕਰੀਅਰ ਕਾਨਫਰੰਸ ਦੌਰਾਨ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਲੇਖ-ਰਚਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਲੇਖ-ਰਚਨਾ ਮੁਕਾਬਲੇ ਵਿਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਹਰਤੀਰਥ ਕੌਰ ਨੇ ਪਹਿਲਾ ਸਥਾਨ, 11ਵੀਂ ਕਾਮਰਸ ਦੀ ਹਰਪ੍ਰੀਤ ਕੌਰ ਨੇ ਦੂਜਾ ਅਤੇ 11 ਮੈਡੀਕਲ ਦੀ ਅਰਸ਼ਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲੇ ਵਿਚ 12ਵੀਂ ਮੈਡੀਕਲ ਦੀ ਮਨਪ੍ਰੀਤ ਮਹਿਮੀ ਨੇ ਪਹਿਲਾ, ਬੀਏ ਭਾਗ ਦੂਜਾ ਦੀ ਰੋਜ਼ੀ ਨੇ ਦੂਜਾ ਅਤੇ ਬੀਸੀਏ ਭਾਗ ਤੀਜਾ ਦੀ ਦੀਪਿਕਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮੂਹ ਪ੍ਰਬੰਧਕ, ਸਟਾਫ ਮੈਂਬਰਜ਼ ਅਤੇ ਵਿਦਿਆਰਥੀ ਹਾਜ਼ਰ ਸਨ।